ਨਵੀਂ ਦਿੱਲੀ (ਪਾਇਲ): ਇੰਦੌਰ 'ਚ ਇਕ ਘਰ 'ਚ ਅੱਗ ਲੱਗਣ ਕਾਰਨ 11 ਸਾਲਾ ਬੱਚੇ ਦਾ ਦਮ ਘੁੱਟਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਦੇ ਪੰਜ ਮੈਂਬਰ ਵੀ ਗੰਭੀਰ ਜ਼ਖਮੀ ਹਨ। ਸਾਰਿਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਮੱਧ ਪ੍ਰਦੇਸ਼ ਦੇ ਇੰਦੌਰ 'ਚ ਸ਼ਨੀਵਾਰ ਰਾਤ ਕਰੀਬ 2:15 ਵਜੇ ਦੇਖਣ ਨੂੰ ਮਿਲਿਆ। ਜੂਨੀ ਦੇ ਐਸਐਚਓ ਅਨਿਲ ਗੁਪਤਾ ਅਨੁਸਾਰ 3 ਮੰਜ਼ਿਲਾ ਮਕਾਨ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਨਿਲ ਗੁਪਤਾ ਨੇ ਦੱਸਿਆ ਕਿ ਘਰ ਦੇ ਅਗਲੇ ਹਿੱਸੇ 'ਚ ਫੋਮ ਅਤੇ ਸਪੰਜ ਸਮੇਤ ਸਕਰੈਪ ਦਾ ਸਮਾਨ ਰੱਖਿਆ ਹੋਇਆ ਸੀ ਅਤੇ ਪਿਛਲੇ ਹਿੱਸੇ 'ਚ ਪੂਰਾ ਪਰਿਵਾਰ ਰਹਿੰਦਾ ਸੀ। ਇਸ ਕਾਰਨ ਅੱਗ ਤੇਜ਼ੀ ਨਾਲ ਪੂਰੇ ਘਰ 'ਚ ਫੈਲ ਗਈ ਅਤੇ ਪਰਿਵਾਰ ਦੇ ਮੈਂਬਰ ਅੰਦਰ ਹੀ ਫਸ ਗਏ।
ਅਨਿਲ ਗੁਪਤਾ ਅਨੁਸਾਰ ਘਰ ਦੇ ਅੰਦਰ ਅਤੇ ਬਾਹਰ ਜਾਣ ਦਾ ਇੱਕੋ ਹੀ ਰਸਤਾ ਸੀ। ਅਜਿਹੇ 'ਚ ਅੱਗ ਲੱਗਣ ਤੋਂ ਬਾਅਦ ਧੂੰਆਂ ਨਹੀਂ ਨਿਕਲ ਸਕਿਆ ਅਤੇ 11 ਸਾਲ ਦੇ ਬੱਚੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਅਨਿਲ ਗੁਪਤਾ ਨੇ ਦੱਸਿਆ ਕਿ ਧੂੰਏਂ ਕਾਰਨ ਪਰਿਵਾਰ ਦੇ 6 ਲੋਕ ਬੇਹੋਸ਼ ਹੋ ਗਏ। ਹਾਲਾਂਕਿ ਅੱਗ ਦੀਆਂ ਲਪਟਾਂ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 11 ਸਾਲਾ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਇਏ ਕਿ ਬਾਕੀ ਲੋਕਾਂ ਦਾ ਅਜੇ ਇਲਾਜ ਚੱਲ ਰਿਹਾ ਹੈ।
ਘਰ ਦੀ ਦੂਜੀ ਮੰਜ਼ਿਲ 'ਤੇ ਇਕ ਹੋਰ ਪਰਿਵਾਰ ਰਹਿੰਦਾ ਸੀ। ਬਚਾਅ ਦਲ ਨੇ ਦਰੱਖਤ 'ਤੇ ਚੜ੍ਹ ਕੇ ਪਰਿਵਾਰ ਦੇ ਚਾਰੇ ਮੈਂਬਰਾਂ ਨੂੰ ਬਾਹਰ ਕੱਢਿਆ, ਜਿਸ ਕਾਰਨ ਸਾਰੇ ਸੁਰੱਖਿਅਤ ਹਨ।



