ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਹਿਮਾਇਤ ’ਚ ਗ੍ਰਿਫ਼ਤਾਰੀਆਂ ਦੇਣ ਲਈ ਬੀਬੀਆਂ ਦਾ ਜਥਾ ਦਿੱਲੀ ਰਵਾਨਾ

by vikramsehajpal

ਤਲਵੰਡੀ ਸਾਬੋ (ਦੇਵ ਇੰਦਰਜੀਤ)- ਲਾਲ ਕਿਲਾ ਹਿੰਸਾ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਤੇ ਨੌਜਵਾਨਾਂ ਦੀ ਰਿਹਾਈ ਲਈ ਅਕਾਲੀ ਦਲ (ਅ) ਵੱਲੋਂ ਗ੍ਰਿਫ਼ਤਾਰੀਆਂ ਦੇਣ ਲਈ ਜਥੇ ਭੇਜਣ ਦੀ ਸ਼ੁਰੂ ਕੀਤੀ ਗਈ ਲੜੀ ਤਹਿਤ ਬੁਧਵਾਰ ਬੀਬੀਆਂ ਦਾ ਦੂਜਾ ਗ੍ਰਿਫ਼ਤਾਰੀ ਜਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਦਿੱਲੀ ਰਵਾਨਾ ਹੋਇਆ। ਜਥੇ ਵਿੱਚ ਬਰਨਾਲਾ ਤੋਂ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਸੁਖਜੀਤ ਕੌਰ, ਹਰਪਾਲ ਕੌਰ ਸੰਗਰੂਰ, ਭਿੰਦਰਜੀਤ ਕੌਰ ਕਾਹਨ ਸਿੰਘ ਵਾਲਾ, ਗੁਰਮੀਤ ਕੌਰ ਜ਼ੀਰਾ ਅਤੇ ਬੀਬੀ ਹਰਦੀਪ ਕੌਰ ਮੰਡੀ ਗੋਬਿੰਦਗੜ੍ਹ ਸ਼ਾਮਲ ਹਨ।
ਪਾਰਟੀ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਲਾਲ ਕਿਲੇ ਦੀ ਘਟਨਾ ਕੇਂਦਰ ਸਰਕਾਰ ਦੀ ਸਾਜ਼ਿਸ ਦਾ ਹਿੱਸਾ ਸੀ, ਤਾਂ ਜੋ ਕਿਸਾਨ ਆਗੂਆਂ, ਕਿਸਾਨਾਂ ਅਤੇ ਨੌਜਵਾਨਾਂ ’ਤੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾਵੇ ਪਰ ਸਰਕਾਰ ਦੀ ਇਹ ਚਾਲ ਵੀ ਫੇਲ੍ਹ ਹੋਈ। ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ, ਕਿਸਾਨੀ ਸੰਘਰਸ਼ ਨੂੰ ਹੋਰ ਹੁਲਾਰਾ ਦੇਣ ਅਤੇ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਕਿਸਾਨਾਂ ਤੇ ਨੌਜਵਾਨਾਂ ਦੀ ਰਿਹਾਈ ਵਾਸਤੇ ਪਾਰਟੀ ਵੱਲੋਂ ਗ੍ਰਿਫ਼ਤਾਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਦੂਜਾ ਜਥਾ ਦਿੱਲੀ ਰਵਾਨਾ ਕੀਤਾ ਗਿਆ। ਇਹ ਜਥਾ ਗੁਰਦੁਆਰਾ ਰਕਾਬ ਗੰਜ ਵਿਖੇ ਅਰਦਾਸ ਕਰਨ ਮਗਰੋਂ ਗ੍ਰਿਫ਼ਤਾਰੀ ਦੇਵੇਗਾ।
ਆਗੂਆਂ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਜਬਰ ਖ਼ਿਲਾਫ਼ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ 19 ਅਪਰੈਲ ਨੂੰ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਅਤੇ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਤੋਂ ਲਾਲ ਕਿਲੇ ਤੱਕ ਮਾਰਚ ਕੀਤਾ ਜਾਵੇਗਾ। ਜਥਾ ਰਵਾਨਾ ਕਰਨ ਮੌਕੇ ਮਾਸਟਰ ਕਰਨੈਲ ਸਿੰਘ, ਕੁਲਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਯਾਦਵਿੰਦਰ ਸਿੰਘ ਭਾਗੀਵਾਂਦਰ, ਸੁਖਦੇਵ ਸਿੰਘ ਕਿੰਗਰਾ, ਮਨਜੀਤ ਸਿੰਘ ਹਾਜ਼ਰ ਸਨ।