ਅੱਜ ਹੋਵੇਗੀ ਚੰਡੀਗੜ੍ਹ ‘ਚ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ

by nripost

ਚੰਡੀਗੜ੍ਹ (ਹਰਮੀਤ) : ਪੰਜਾਬ ਸਰਕਾਰ ਵਲੋਂ ਖੇਤੀ ਨੀਤੀ ਨੂੰ ਜਨਤਕ ਨਾ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਸੈਕਟਰ 34 ਦੇ ਦੁਸਹਿਰਾ ਮੈਦਾਨ ’ਚ ਧਰਨਾ ਖ਼ਤਮ ਨਾ ਕਰ ਕੇ ਉੱਥੇ ਪੱਕਾ ਮੋਰਚਾ ਲਾਉਣ ’ਤੇ ਅੜ ਗਈਆਂ ਹਨ। ਕਿਸਾਨਾਂ ਦੇ ਸਖ਼ਤ ਰੁਖ਼ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਵੀਰਵਾਰ ਨੂੰ ਬੈਠਕ ਲਈ ਬੁਲਾਇਆ ਹੈ। ਇਹ ਬੈਠਕ ਦੁਪਹਿਰ ਤਿੰਨ ਵਜੇ ਹੋਵੇਗੀ। ਇਸ ਬੈਠਕ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਬਾਕਾਇਦਾ ਕਿਸਾਨ ਜਥੇਬੰਦੀਆਂ ਨੂੰ ਲਿਖਤੀ ’ਚ ਪੱਤਰ ਵੀ ਦਿੱਤਾ ਗਿਆ ਹੈ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹੁਣ ਵੀਰਵਾਰ ਨੂੰ ਸੀਐੱਮ ਨਾਲ ਬੈਠਕ ਤੋਂ ਬਾਅਦ ਹੀ ਫ਼ੈਸਲਾ ਹੋਵੇਗਾ ਕਿ ਮੋਰਚਾ ਜਾਰੀ ਰੱਖਣਾ ਹੈ ਜਾਂ ਖ਼ਤਮ ਕਰਨਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੋਰਚਾ ਖ਼ਤਮ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਪਹਿਲ ਕੀਤੀ ਗਈ। ਕਿਸਾਨ ਜਥੇਬੰਦੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਸ਼ਾਮ ਪੰਜ ਵਜੇ ਮੁੱਖ ਸਕੱਤਰ ਅਨੁਰਾਗ ਵਰਮਾ ਨਾਲ ਉਨ੍ਹਾਂ ਦੀ ਬੈਠਕ ਹੈ। ਕਰੀਬ 12 ਕਿਸਾਨ ਆਗੂ ਤੈਅ ਸਮੇਂ ’ਤੇ ਪੰਜਾਬ ਭਵਨ ਪਹੁੰਚ ਗਏ। ਕਿਸਾਨ ਆਗੂ ਮੁੱਖ ਸਕੱਤਰ ਦਾ ਇੰਤਜ਼ਾਰ ਕਰ ਰਹੇ ਸਨ ਕਿ ਖੇਤੀ ਵਿਭਾਗ ਦੇ ਅਧਿਕਾਰੀ ਉੱਥੇ ਪਹੁੰਚੇ ਤੇ ਉਨ੍ਹਾਂ ਨੂੰ ਪੱਤਰ ਸੌਂਪਦੇ ਹੋਏ ਕਿਹਾ ਕਿ ਅੱਜ ਦੀ ਬੈਠਕ ਨੂੰ ਲੈ ਕੇ ਗਲਤਫ਼ਹਿਮੀ ਹੋ ਗਈ ਸੀ। ਇਸ ਲਈ ਹੁਣ ਤੁਹਾਡੀ ਬੈਠਕ ਵੀਰਵਾਰ ਨੂੰ ਮੁੱਖ ਮੰਤਰੀ ਨਾਲ ਹੋਵੇਗੀ। ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਕ ਸਤੰਬਰ ਤੋਂ ਦੁਸਹਿਰਾ ਮੈਦਾਨ ’ਚ ਧਰਨਾ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਚਾਰ ਦਿਨ ਧਰਨੇ ਦੀ ਇਜਾਜ਼ਤ ਦਿੱਤੀ ਸੀ ਜਿਹੜੀ ਬੁੱਧਵਾਰ ਨੂੰ ਖ਼ਤਮ ਹੋ ਗਈ ਹੈ ਪਰ ਕਿਸਾਨ ਉੱਥੇ ਹੀ ਡਟੇ ਹੋਏ ਹਨ। ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ ’ਚ ਖੇਤੀ ਨੀਤੀ ਨੂੰ ਜਨਤਕ ਕਰਨਾ ਹੈ। ਹਾਲਾਂਕਿ ਬੁੱਧਵਾਰ ਨੂੰ ਮੁੱਖ ਮੰਤਰੀ ਨੇ ਵਿਧਾਨ ਸਭਾ ’ਚ ਸਪੱਸ਼ਟ ਕਰ ਦਿੱਤਾ ਕਿ ਸਰਕਾਰ ਦੀ ਮਨਸ਼ਾ ਬਿਨਾ ਕਿਸਾਨਾਂ ਨੂੰ ਭਰੋਸੇ ’ਚ ਲਏ ਖੇਤੀ ਨੀਤੀ ਲਾਗੂ ਕਰਨ ਦੀ ਨਹੀਂ ਹੈ।