
ਗੜ੍ਹਸ਼ੰਕਰ (ਰਾਘਵ): ਬੀਤ ਇਲਾਕੇ ਦੇ ਪਿੰਡ ਬਾਰਾਪੁਰ ਵਿਖੇ ਰਿਫਾਇੰਡ ਤੇਲ ਨਾਲ ਭਰਿਆ ਟੈਂਕਰ ਬਲੈਰੋ ਨਾਲ ਟੱਕਰ ਹੋਣ ਉਪਰੰਤ ਸੜਕ ਦੇ ਕੰਢੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਜਿਸ ਉਪਰੰਤ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ। ਅੱਗ ’ਤੇ ਫਾਇਰ ਬ੍ਰਿਗੇਡ ਅਤੇ ਲੋਕਾਂ ਨੇ ਕਾਬੂ ਪਾਇਆ। ਹਾਦਸੇ ਬਾਰੇ ਜਾਣਕਾਰੀ ਦਿੰਦੇ ਟੈਂਕਰ ਚਾਲਕ ਨਿਤਿਨ ਨੇ ਦੱਸਿਆ ਕਿ ਉਹ ਗੋਂਦਪੁਰ ਤੋਂ ਗੜ੍ਹਸ਼ੰਕਰ ਵੱਲ ਨੂੰ ਜਾ ਰਿਹਾ ਸੀ। ਜਦੋਂ ਉਕਤ ਸਥਾਨ ’ਤੇ ਪੁੱਜਾ ਤਾਂ ਦੂਜੇ ਪਾਸਿਓਂ ਆ ਰਹੀ ਬੈਲੋਰੋ ਗੱਡੀ ਨਾਲ ਟਕਰਾ ਗਿਆ। ਉਸ ਤੋਂ ਬਾਅਦ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੇ ਟਰੱਕ ਦੇ ਪਿੱਛੇ ਜਾ ਵੱਜਾ। ਉਨ੍ਹਾਂ ਦੱਸਿਆ ਕਿ ਹਾਦਸਾ ਬੀਤੀ ਰਾਤ 11 ਵਜੇ ਵਾਪਰਿਆ ਅਤੇ ਸਵੇਰੇ 4 ਵਜੇ ਤੇਲ ਦੇ ਕੈਂਟਰ ਨੂੰ ਭਿਆਨਕ ਅੱਗ ਲੱਗ ਗਈ। ਜਿਸ ’ਤੇ ਫਾਇਰ ਬ੍ਰਿਗੇਡ ਅਤੇ ਲੋਕਾਂ ਨੇ ਜੱਦੋ-ਜ਼ਹਿਦ ਕਰਕੇ ਅੱਗ ’ਤੇ ਕਾਬੂ ਪਾਇਆ ਗਿਆ। ਰਾਹਤ ਵਾਲੀ ਖ਼ਬਰ ਇਹ ਰਹੀ ਕਿ ਹਾਦਸੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪੁਲਸ ਚੌਂਕੀ ਬੀਨੇਵਾਲ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।