ਭਾਰਤ-ਕੈਨੇਡਾ ਰਿਸ਼ਤਿਆਂ ‘ਚ ਨਵਾਂ ਮੋੜ- ਜੈਸ਼ੰਕਰ ਤੇ ਅਨੀਤਾ ਆਨੰਦ ਦੀ ਮੁਲਾਕਾਤ ਚਰਚਾ ‘ਚ!

by nripost

ਓਟਾਵਾ (ਪਾਇਲ): ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਨਿਆਗਰਾ ਵਿੱਚ ਜੀ7 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਨਾਲ-ਨਾਲ ਆਪਣੇ ਕੈਨੇਡੀਅਨ ਹਮਰੁਤਬਾ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਸਾਡੀ ਦੁਵੱਲੀ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਦੀ ਉਮੀਦ ਕਰਦੇ ਹਨ।

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰਨ ’ਤੇ ਆਨੰਦ ਨੂੰ ਵਧਾਈ ਦਿੱਤੀ ਅਤੇ ਨਿਊ ਰੋਡਮੈਪ 2025 ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ, ‘‘ਸਾਡੀ ਦੁਵੱਲੀ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਦੀ ਉਮੀਦ ਹੈ।’’

ਇਸ ਦੌਰਾਨ ਆਨੰਦ ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ ਕਿ ਦੋਹਾਂ ਨੇਤਾਵਾਂ ਨੇ ‘‘ਵਪਾਰ, ਊਰਜਾ, ਸੁਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ’ਤੇ ਸਹਿਯੋਗ ਬਾਰੇ ਚਰਚਾ ਕੀਤੀ।’’

ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ, ‘‘ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਦੀ ਭਾਗੀਦਾਰੀ,ਆਲਮੀ ਚੁਣੌਤੀਆਂ ਨੂੰ ਹੱਲ ਕਰਨ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਗਲੋਬਲ ਸਾਊਥ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰਨ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।’

ਜੈਸ਼ੰਕਰ ਦਾ ਕੈਨੇਡਾ ਦੌਰਾ ਆਨੰਦ ਦੇ ਭਾਰਤ ਦੌਰੇ ਤੋਂ ਇੱਕ ਮਹੀਨੇ ਬਾਅਦ ਹੋਇਆ ਹੈ,ਜਿਸ ਦੌਰਾਨ ਦੋਹਾਂ ਧਿਰਾਂ ਨੇ ਵਪਾਰ, ਅਹਿਮ ਖਣਿਜਾਂ ਅਤੇ ਊਰਜਾ ਦੇ ਖੇਤਰਾਂ ਵਿੱਚ ਸਬੰਧਾਂ ਨੂੰ ਹੁਲਾਰਾ ਦੇਣ ਲਈ ਇੱਕ ਅਭਿਲਾਸ਼ੀ ਰੋਡਮੈਪ ਦਾ ਖੁਲਾਸਾ ਕੀਤਾ ਸੀ।

ਆਪਣੀ ਮੁਲਾਕਾਤ ਵਿੱਚ ਦੋਹਾਂ ਵਿਦੇਸ਼ ਮੰਤਰੀਆਂ ਨੇ ਆਲਮੀ ਆਰਥਿਕ ਹਕੀਕਤਾਂ ਅਤੇ ਇੱਕ ਦੂਜੇ ਦੀਆਂ ‘ਰਣਨੀਤਕ ਤਰਜੀਹਾਂ’ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦੀ ਤੋਂ ਜਲਦੀ ਦੁਵੱਲੇ ਵਪਾਰ ਅਤੇ ਨਿਵੇਸ਼ ਬਾਰੇ ਮੰਤਰੀ-ਪੱਧਰੀ ਚਰਚਾਵਾਂ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟਾਈ ਸੀ।