ਰਾਜਨੀਤੀ ‘ਚ ਨਵੀਂ ਲਹਿਰ- ਤਰਨ ਤਾਰਨ ‘ਚ ਹਰਮੀਤ ਸੰਧੂ ਦੀ ਸ਼ਾਨਦਾਰ ਜਿੱਤ!

by nripost

ਤਰਨਤਾਰਨ (ਪਾਇਲ): ਤੁਹਾਨੂੰ ਦੱਸ ਦਇਏ ਕਿ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ (ਆਪ) ਦੇ ਹਰਮੀਤ ਸਿੰਘ ਸੰਧੂ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ 12091 ਵੋਟਾਂ ਦੇ ਫਰਕ ਨਾਲ ਹਰਾਇਆ। ਜਿਸ ਦੌਰਾਨ ਹਰਮੀਤ ਸਿੰਘ ਸੰਧੂ ਨੂੰ 42649 ਅਤੇ ਸੁਖਵਿੰਦਰ ਕੌਰ ਰੰਧਾਵਾ ਨੂੰ 30558 ਵੋਟ ਮਿਲੇ। ‘ਆਪ’ ਦੇ ਕਸ਼ਮੀਰ ਸਿੰਘ ਸੋਹਲ ਨੇ 2022 ’ਚ ਇਸ ਹਲਕੇ ਤੋਂ ਕਰੀਬ 13000 ਦੇ ਫਰਕ ਨਾਲ ਚੋਣ ਜਿੱਤੀ ਸੀ। ਉਨ੍ਹਾਂ ਦਾ ਦੇਹਾਂਤ ਹੋਣ ਕਾਰਨ ਇਸ ਸੀਟ ’ਤੇ ਚੋਣਾਂ ਕਰਵਾਈਆਂ ਗਈਆਂ ਸਨ।

ਦਸਣਯੋਗ ਹੈ ਕਿ ਉਂਝ ‘ਆਪ’ ਪਿਛਲੇ ਸਾਲ ਲੋਕ ਸਭਾ ਚੋਣ ਮੌਕੇ ਇਸ ਵਿਧਾਨ ਸਭਾ ਹਲਕੇ ਤੋਂ 24000 ਵੋਟਾਂ ਦੇ ਫਰਕ ਨਾਲ ਪੱਛੜ ਗਈ ਸੀ। ‘ਵਾਰਸ ਪੰਜਾਬ ਦੇ’ ਅਤੇ ਹੋਰ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਮਨਦੀਪ ਸਿੰਘ 19620 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਿਹਾ। ਕਾਂਗਰਸ ਪਾਰਟੀ ਦੇ ਕਰਨਬੀਰ ਸਿੰਘ ਬੁਰਜ ਨੂੰ 15078 ਅਤੇ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ ਨੂੰ 6239 ਵੋਟਾਂ ਮਿਲੀਆਂ ਤੇ ਦੋਵੇਂ ਆਪਣੀ ਜ਼ਮਾਨਤ ਨਹੀਂ ਬਚਾ ਸਕੇ। 609 ਵੋਟਰਾਂ ਨੇ ‘ਨੋਟਾ’ (ਉਕਤ ਉਮੀਦਵਾਰਾਂ ’ਚੋਂ ਕੋਈ ਵੀ ਨਹੀਂ) ਵਾਲਾ ਬਟਨ ਦੱਬਿਆ।

‘ਆਪ’ ਆਗੂ ਹਰਮੀਤ ਸਿੰਘ ਸੰਧੂ ਨੇ ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ ਤੋਂ ਚੋਣ ’ਚ ਜਿੱਤ ਦਾ ਸਰਟੀਫਿਕੇਟ ਲੈਣ ਉਪਰੰਤ ਆਪਣੇ ਸਮਰਥਕਾਂ ਨਾਲ ਜਲੂਸ ਕੱਢ ਕੇ ਲੋਕਾਂ ਦਾ ਧੰਨਵਾਦ ਕੀਤਾ। ਉਹ ਚੌਥੀ ਵਾਰ ਵਿਧਾਇਕ ਬਣੇ ਹਨ। ਹਰਮੀਤ ਸਿੰਘ ਸੰਧੂ ਨੇ ਇਕ ਵਾਰ ਆਜ਼ਾਦ ਉਮੀਦਵਾਰ ਅਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਜਿੱਤੀ ਸੀ।

ਹਰਮੀਤ ਸਿੰਘ ਸੰਧੂ ਨੇ ਆਪਣਾ ਰਾਜਸੀ ਜੀਵਨ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੜ੍ਹਾਈ ਕਰਦਿਆਂ ਹੀ ਸ਼ੁਰੂ ਕਰ ਲਿਆ ਸੀ ਅਤੇ ਉਹ ਵਿਦਿਆਰਥੀ ਆਗੂ ਦੇ ਤੌਰ ’ਤੇ ਵਿਚਰਦੇ ਰਹੇ ਸਨ।ਉਨ੍ਹਾਂ ਦੀ ਜਿੱਤ ’ਤੇ ਪਾਰਟੀ ਵਰਕਰਾਂ ਨੇ ਖੂਬ ਜਸ਼ਨ ਮਨਾਏ ਅਤੇ ਲੰਮਾ ਸਮਾਂ ਆਤਿਸ਼ਬਾਜ਼ੀ ਚਲਾਈ। ਚੋਣਾਂ ’ਚ ‘ਸੱਚੋ ਸੱਚ ਪਾਰਟੀ’ ਦੇ ਸ਼ਾਮ ਲਾਲ ਗਾਂਧੀ ਨੂੰ 123, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਨਾਇਬ ਸਿੰਘ ਨੂੰ 64, ਆਜ਼ਾਦ ਉਮੀਦਵਾਰਾਂ ਹਰਬਰਿੰਦਰ ਕੌਰ ਉਸਮਾਂ ਨੂੰ 547, ਵਿਜੇ ਕੁਮਾਰ ਨੂੰ 457, ਮਨਦੀਪ ਸਿੰਘ ਨੂੰ 873, ਨੀਟੂ ਸ਼ਟਰਾਂ ਵਾਲੇ ਨੂੰ 466, ਜਸਵੰਤ ਸਿੰਘ ਸੋਹਲ ਨੂੰ 146, ਐਡਵੋਕੇਟ ਕੋਮਲਪ੍ਰੀਤ ਸਿੰਘ (ਮਰਹੂਮ ਵਿਧਾਇਕ ਡਾ. ਸੋਹਲ ਦੇ ਪੀ ਏ) ਨੂੰ 68, ਹਰਪਾਲ ਸਿੰਘ ਭੰਗੂ ਨੂੰ 104 ਅਤੇ ਅਰੁਨ ਕੁਮਾਰ ਖੁਰਮੀ ਨੂੰ 113 ਵੋਟਾਂ ਭੁਗਤੀਆਂ।

More News

NRI Post
..
NRI Post
..
NRI Post
..