ਆਸਟ੍ਰੇਲੀਆ ‘ਚ ਵਾਪਰਿਆ ਦਰਦਨਾਕ ਹਾਦਸਾ: ਡਿਸਪਲੇਅ ਹੋਮ ਦੇ ਪੂਲ ਵਿੱਚ ਗੁਰਸ਼ਬਦ ਸਿੰਘ ਦੀ ਮੌਤ

by nripost

ਵਿਕਟੋਰੀਆ (ਪਾਇਲ): ਆਸਟ੍ਰੇਲੀਆ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰੀ ਵਿਕਟੋਰੀਆ ਦੇ ਕਿਆਲਾ ਇਲਾਕੇ ਵਿੱਚ ਇੱਕ ਡਿਸਪਲੇਅ ਹੋਮ ਦੇ ਸਵਿਮਿੰਗ ਪੂਲ ਵਿੱਚ ਡੁੱਬਣ ਕਾਰਨ 8 ਸਾਲਾ ਗੁਰਸ਼ਬਦ ਸਿੰਘ ਦੀ ਮੌਤ ਹੋ ਗਈ ਹੈ, ਜਿਸ ਮਗਰੋਂ ਉਸ ਦਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਹੈ। ਇਸ ਹਾਦਸੇ ਮਗਰੋਂ ਬੱਚੇ ਦੇ ਪਿਤਾ ਤਲਵਿੰਦਰ ਸਿੰਘ ਨੇ ਖਾਲੀ ਡਿਸਪਲੇਅ ਹੋਮਜ਼ ਦੇ ਸਵਿਮਿੰਗ ਪੂਲਜ਼ ਨੂੰ ਢੱਕਣ ਦੀ ਅਪੀਲ ਕੀਤੀ ਹੈ, ਤਾਂ ਜੋ ਇਹ ਅਣਹੋਣੀ ਕਿਸੇ ਹੋਰ ਦੇ ਬੱਚੇ ਨਾਲ ਨਾ ਵਾਪਰ ਜਾਵੇ।

ਜਾਣਕਾਰੀ ਅਨੁਸਾਰ ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਸ਼ਾਮ ਕਰੀਬ 7 ਵਜੇ ਕਿਆਲਾ ਵਿੱਚ ਜੀ.ਜੇ. ਗਾਰਡਨਰ ਹੋਮਜ਼ (G.J. Gardiner Homes) ਦੇ ਇੱਕ ਡਿਸਪਲੇਅ ਹੋਮ ਵਿੱਚ ਇਕ ਬੱਚੇ ਦੇ ਡੁੱਬ ਜਾਣ ਦੀ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਟੀਮ ਮੌਕੇ 'ਤੇ ਪਹੁੰਚੀ ਤਾਂ ਬੱਚਾ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ, ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ 8 ਸਾਲਾ ਗੁਰਸ਼ਬਦ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ।

ਗੁਰਸ਼ਬਦ ਦੇ ਪਿਤਾ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਆਟਿਜ਼ਮ ਵਾਲਾ ਬੱਚਾ ਸੀ, ਜੋ ਪੂਲ ਵਿੱਚ ਉਤਰ ਗਿਆ ਅਤੇ ਡੁੱਬ ਗਿਆ। ਉਸ ਨੂੰ ਇੱਕ ਪਿਆਰੇ ਅਤੇ ਦਿਆਲੂ ਬੱਚੇ ਵਜੋਂ ਯਾਦ ਕੀਤਾ ਜਾ ਰਿਹਾ ਹੈ, ਜਿਸ ਨੇ ਆਪਣੇ ਵਿਸ਼ੇਸ਼ ਸਕੂਲ ਵਿੱਚ ਕਈ ਪੁਰਸਕਾਰ ਜਿੱਤੇ ਸਨ। ਗੁਰਸ਼ਬਦ ਦੀ ਮੌਤ ਤੋਂ ਦੋ ਹਫ਼ਤੇ ਬਾਅਦ ਉਸ ਦਾ ਨੌਵਾਂ ਜਨਮਦਿਨ ਆਉਣ ਵਾਲਾ ਸੀ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਤਲਵਿੰਦਰ ਸਿੰਘ ਦਾ ਮੰਨਣਾ ਹੈ ਕਿ ਬੱਚੇ ਪਾਣੀ ਵੱਲ ਆਕਰਸ਼ਿਤ ਹੁੰਦੇ ਹਨ। ਉਸ ਨੇ ਭਾਵੁਕ ਹੁੰਦਿਆਂ ਕਿਹਾ "ਜਦੋਂ ਕੋਈ ਆ ਨਹੀਂ ਰਿਹਾ ਤਾਂ ਪੂਲ ਨੂੰ ਕਿਉਂ ਨਹੀਂ ਢੱਕਿਆ ਜਾਂਦਾ ?" ਉਨ੍ਹਾਂ ਨੇ ਮੰਗ ਕੀਤੀ ਕਿ ਖਾਲੀ ਸਮੇਂ ਦੌਰਾਨ ਪੂਲ ਨੂੰ ਢੱਕ ਕੇ ਰੱਖੋ ਤਾਂ ਜੋ ਬੱਚੇ ਇਸ ਨੂੰ ਦੇਖ ਨਾ ਸਕਣ ਅਤੇ ਅੰਦਰ ਨਾ ਜਾ ਸਕਣ। ਉਸ ਦੇ ਡਿਸਪਲੇਅ ਹੋਮ ਨੇ ਵੀ ਗੁਰਸ਼ਬਦ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰਸ਼ਬਦ ਦਾ ਅੰਤਿਮ ਸੰਸਕਾਰ ਇਸ ਹਫ਼ਤੇ ਮੈਲਬੌਰਨ ਵਿੱਚ ਹੋਣ ਦੀ ਉਮੀਦ ਹੈ।

More News

NRI Post
..
NRI Post
..
NRI Post
..