
ਜਲੰਧਰ : ਜਲੰਧਰ-ਦਿੱਲੀ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ 'ਚ ਗੁਰਾਇਆ ਦੇ ਰਹਿਣ ਵਾਲੇ ਨੌਜਵਾਨ ਅਤੇ ਲੜਕੀ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਦੇ ਸਰੀਰ ਦੇ ਅੰਗ ਸੜਕ 'ਤੇ ਬੁਰੀ ਤਰ੍ਹਾਂ ਖਿੱਲਰ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਗੁਰਾਇਆ ਤੋਂ ਫਿਲੌਰ ਵੱਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਕ ਨੌਜਵਾਨ ਅਤੇ ਲੜਕੀ ਆ ਰਹੇ ਹਨ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਵਾਹਨ ਦੋਵਾਂ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਅੰਗ ਸੜਕ 'ਤੇ ਬੁਰੀ ਤਰ੍ਹਾਂ ਨਾਲ ਖਿੱਲਰ ਗਏ। ਔਰਤ ਦੀ ਹਾਲਤ ਅਜਿਹੀ ਹੋ ਗਈ ਕਿ ਉਸ ਨੂੰ ਪਛਾਣਨਾ ਮੁਸ਼ਕਿਲ ਹੋ ਗਿਆ, ਜਦਕਿ ਕਾਰ ਉਸ ਦੇ ਚਿਹਰੇ 'ਤੇ ਚੜ੍ਹ ਜਾਣ ਕਾਰਨ ਨੌਜਵਾਨ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ। ਨੌਜਵਾਨ ਕੋਲੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਆਨੰਦ ਸਿੰਘ ਪੁੱਤਰ ਕ੍ਰਿਪਾਸ਼ੰਕਰ ਵਾਸੀ ਗੁਰਾਇਆ ਵਜੋਂ ਹੋਈ ਹੈ, ਜਦਕਿ ਔਰਤ ਦੀ ਪਛਾਣ ਸੀਮਾ ਵਾਸੀ ਗੁਰਾਇਆ ਵਜੋਂ ਹੋਈ ਹੈ। ਹਾਦਸੇ ਵਿੱਚ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਤੋਂ ਬਾਅਦ ਅਣਪਛਾਤੇ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।