ਜਕਾਰਤਾ (ਪਾਇਲ): ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਐਤਵਾਰ ਦੇਰ ਰਾਤ ਇੱਕ ਯਾਤਰੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ 34 ਸਵਾਰੀਆਂ ਨੂੰ ਲੈ ਕੇ ਜਾ ਰਹੀ ਇਹ ਬੱਸ ਇੱਕ ਟੋਲ ਰੋਡ 'ਤੇ ਆਪਣਾ ਸੰਤੁਲਨ ਗੁਆ ਬੈਠੀ ਅਤੇ ਕੰਕਰੀਟ ਦੇ ਇੱਕ ਬੈਰੀਅਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।
ਇਹ ਇੰਟਰ ਸਟੇਟ ਬੱਸ ਰਾਜਧਾਨੀ ਜਕਾਰਤਾ ਤੋਂ ਦੇਸ਼ ਦੇ ਪ੍ਰਾਚੀਨ ਸ਼ਾਹੀ ਸ਼ਹਿਰ ਯੋਗਯਾਕਾਰਤਾ ਵੱਲ ਜਾ ਰਹੀ ਸੀ, ਜਦੋਂ ਸੈਂਟਰਲ ਜਾਵਾ ਦੇ ਸੇਮਾਰੰਗ ਸ਼ਹਿਰ ਵਿੱਚ ਕ੍ਰਾਪਿਆਕ ਟੋਲਵੇਅ 'ਤੇ ਇੱਕ ਮੋੜ ਕੱਟਦੇ ਸਮੇਂ ਇਹ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਯਾਤਰੀ ਬੱਸ ਵਿੱਚੋਂ ਉਛਲ ਕੇ ਬਾਹਰ ਜਾ ਡਿੱਗੇ ਅਤੇ ਕਈ ਅੰਦਰ ਹੀ ਬੁਰੀ ਤਰ੍ਹਾਂ ਫਸ ਗਏ। ਘਟਨਾ ਦੇ ਲਗਪਗ 40 ਮਿੰਟ ਬਾਅਦ ਪਹੁੰਚੀ ਪੁਲਿਸ ਅਤੇ ਬਚਾਅ ਟੀਮਾਂ ਨੇ ਮੌਕੇ ਤੋਂ 6 ਲਾਸ਼ਾਂ ਬਰਾਮਦ ਕੀਤੀਆਂ, ਜਦਕਿ 10 ਹੋਰ ਲੋਕਾਂ ਦੀ ਹਸਪਤਾਲ ਲਿਜਾਂਦੇ ਸਮੇਂ ਜਾਂ ਇਲਾਜ ਦੌਰਾਨ ਮੌਤ ਹੋ ਗਈ।
ਦੱਸ ਦਇਏ ਕਿ ਇਸ ਸਮੇਂ ਦੋ ਹਸਪਤਾਲਾਂ ਵਿੱਚ 18 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 5 ਦੀ ਹਾਲਤ ਬੇਹੱਦ ਗੰਭੀਰ ਅਤੇ 13 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

