ਸ਼ਹੀਦੀ ਪੁਰਬ ਮਨਾਉਂਣ ਲਈ 742 ਸ਼ਰਧਾਲੂਆਂ ਦਾ ਜਥਾ ਅੱਜ ਜਾਵੇਗਾ ਪਾਕਿਸਤਾਨ

by nripost

ਅੰਮ੍ਰਿਤਸਰ (ਸਰਬ): ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਂਣ ਲਈ 742 ਸ਼ਰਧਾਲੂਆਂ ਦਾ ਭਾਰਤੀ ਜਥਾ 8 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਹ ਜਥਾ 8 ਜੂਨ ਨੂੰ ਵਾਹਗਾ ਬਾਰਡਰ ਰੋਡ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਸੇ ਰਾਤ ਇਹ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਪਹੁੰਚੇਗਾ, 9 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ 10 ਜੂਨ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ।

11 ਜੂਨ ਨੂੰ ਗੁਰਦੁਆਰਾ ਸੱਚਾ ਸੌਦਾ ਸਾਹਿਬ ਅਤੇ 12 ਨੂੰ ਸਵੇਰੇ ਇਹ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ ਅਤੇ ਇੱਥੇ ਦੋ ਦਿਨ ਰੁਕਣ ਤੋਂ ਬਾਅਦ 14 ਨੂੰ ਗੁਰਦੁਆਰਾ ਰੋਡੀ ਸਾਹਿਬ ਲਈ ਰਵਾਨਾ ਹੋਵੇਗਾ। 15 ਤਰੀਕ ਨੂੰ ਸਵੇਰੇ ਇਹ ਜਥਾ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਲਈ ਰਵਾਨਾ ਹੋਵੇਗਾ।

ਜਿਕਰਯੋਗ ਹੈ ਕਿ ਸ੍ਰੀ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਦੇ ਉਪ ਪ੍ਰਧਾਨ ਰੋਬਿਨ ਗਿੱਲ ਨੇ ਦੱਸਿਆ ਕਿ ਕੁੱਲ 742 ਵੀਜ਼ੇ ਪ੍ਰਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 428 ਵੀਜੇ ਗੁਰਬਚਨ ਸਿੰਘ ਡੱਬੇਵਾਲੀ ਦੇ ਜਥੇ ਨੂੰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਕੁੱਲ ਇਕ ਹਜ਼ਾਰ ਸ਼ਰਧਾਲੂਆਂ ਨੇ ਵੀਜ਼ੇ ਲਈ ਪਾਸਪੋਰਟ ਜਮਾਂ ਕਰਵਾਏ ਸਨ। ਜਿਨ੍ਹਾਂ ਵਿਚੋਂ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਵੱਲੋਂ 258 ਸ਼ਰਧਾਲੂਆਂ ਦੇ ਨਾਵਾਂ ਨੂੰ ਮਿਟਾ ਦਿੱਤੇ ਜਾਣ ਕਾਰਨ ਸਿਰਫ਼ 742 ਸ਼ਰਧਾਲੂਆਂ ਨੂੰ ਹੀ ਵੀਜੇ ਜਾਰੀ ਕੀਤੇ ਹਨ।