ਸਕੂਲ ਬੱਸ ਦੀ ਖਿੜਕੀ ਤੋਂ ਬਾਹਰ ਮੂੰਹ ਕੱਢ ਕੇ ਦੇਖ ਰਹੇ ਵਿਦਿਆਰਥੀ ਦੀ ਖੰਭੇ ਨਾਲ ਟਕਰਾਉਣ ਨਾਲ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਕੂਲ ਬੱਸ ਦੀ ਖਿੜਕੀ ਤੋਂ ਬਾਹਰ ਮੂੰਹ ਕੱਢ ਕੇ ਵੇਖ ਰਹੇ ਤੀਜੀ ਜਮਾਤ ’ਚ ਪੜ੍ਹਦੇ 10 ਸਾਲਾ ਇਕ ਵਿਦਿਆਰਥੀ ਅਨੁਰਾਗ ਭਾਰਦਵਾਜ ਦਾ ਸਿਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬੱਸ ਜਦੋਂ ਸਕੂਲ ਦੇ ਅੰਦਰ ਦਾਖ਼ਲ ਹੋਣ ਲਈ ਮੁੜ ਰਹੀ ਸੀ ਤਾਂ ਵਿਦਿਆਰਥੀ ਦਾ ਸਿਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੁਲਿਸ ਅਧਿਕਾਰੀ ਇਰਾਜ ਰਾਜਾ ਨੇ ਦੱਸਿਆ ਕਿ ਹਾਦਸੇ ’ਚ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਸਕੂਲ ਪ੍ਰਬੰਧਨ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਉਨ੍ਹਾਂ ਦੀ ਸ਼ਿਕਾਇਤ ’ਤੇ ਸਕੂਲ ਪ੍ਰਬੰਧਨ ਦੇ ਦੋ ਲੋਕਾਂ ਅਤੇ ਬੱਸ ਡਰਾਈਵਰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।