ਜਕਾਰਤਾ (ਪਾਇਲ): ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਮੰਗਲਵਾਰ ਨੂੰ ਇਕ ਸੱਤ ਮੰਜ਼ਿਲਾ ਦਫਤਰ ਦੀ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ 20 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਇਏ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਸੰਘਣੇ ਧੂੰਏਂ ਤੇ ਤੇਜ਼ ਲਪਟਾਂ ਨਾਲ ਪੂਰੀ ਇਮਾਰਤ ਵਿੱਚ ਤੇਜ਼ੀ ਨਾਲ ਫੈਲ ਗਈ।
ਘਟਨਾ ਉਦੋਂ ਵਾਪਰੀ ਜਦੋਂ ਇਮਾਰਤ ਦੇ ਅੰਦਰ ਕਈ ਕਰਮਚਾਰੀ ਮੌਜੂਦ ਸਨ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਪਰ ਕਈ ਲੋਕ ਫਸ ਗਏ। ਸ਼ੁਰੂਆਤੀ ਜਾਣਕਾਰੀ ਵਿੱਚ ਮੌਤਾਂ ਦੀ ਗਿਣਤੀ ਵਿੱਚ ਅੰਤਰ ਸੀ। ਕੁਝ ਸੂਤਰਾਂ ਨੇ 17 ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਦੋਂ ਕਿ ਹੋਰ ਰਿਪੋਰਟਾਂ ਵਿੱਚ ਇਹ ਗਿਣਤੀ 20 ਦੱਸੀ ਗਈ ਹੈ। ਅੱਗ ਬੁਝਾਉਣ ਅਤੇ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਚੱਲ ਰਿਹਾ ਹੈ। ਰਾਹਤ ਕਾਰਜ ਅਤੇ ਲਾਸ਼ਾਂ ਨੂੰ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ।



