ਮਨਾਡੋ (ਪਾਇਲ): ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਦੀ ਰਾਜਧਾਨੀ ਮਨਾਡੋ ਦੇ ਇਕ ਨਰਸਿੰਗ ਹੋਮ 'ਚ ਐਤਵਾਰ ਰਾਤ ਨੂੰ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਦੱਸ ਦਇਏ ਕਿ ਇਹ ਹਾਦਸਾ ਪਾਂਤੀ ਵੇਰਧਾ ਦਮਈ ਨਰਸਿੰਗ ਹੋਮ ਵਿੱਚ ਹੋਇਆ, ਜੋ ਕਿ ਮਨਾਡੋ ਦੇ ਰਾਨੋਮੂਟ ਉਪ-ਜ਼ਿਲ੍ਹੇ ਦੇ ਪਾਲ ਦੁਆ ਖੇਤਰ ਵਿੱਚ ਸਥਿਤ ਹੈ।
ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 8:36 ਵਜੇ ਅੱਗ ਲੱਗੀ। ਸੂਚਨਾ ਮਿਲਦੇ ਹੀ ਮਨਾਡੋ ਸਿਟੀ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਕਾਫੀ ਮਿਹਨਤ ਤੋਂ ਬਾਅਦ ਰਾਤ 9:30 ਵਜੇ ਅੱਗ 'ਤੇ ਕਾਬੂ ਪਾਇਆ ਗਿਆ।
ਉੱਤਰੀ ਸੁਲਾਵੇਸੀ ਖੇਤਰੀ ਪੁਲਿਸ ਦੇ ਪਬਲਿਕ ਰਿਲੇਸ਼ਨਜ਼ ਦੇ ਮੁਖੀ ਅਲਮਸਯਾਹ ਪੀ. ਹਸੀਬੁਆਨ ਦੇ ਅਨੁਸਾਰ, ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਬਿਆਂਗਕਾਰਾ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਪਛਾਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਤੋਂ ਬਾਅਦ ਪੀੜਤ ਪਰਿਵਾਰਾਂ ਨਾਲ ਤਾਲਮੇਲ ਕੀਤਾ ਜਾਵੇਗਾ। ਅੱਗ ਲੱਗਣ ਤੋਂ ਬਾਅਦ ਪੁਲਿਸ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਅਤੇ ਬਚਾਅ ਮੁਹਿੰਮ ਚਲਾਈ। ਜ਼ਖਮੀਆਂ ਅਤੇ ਬਚੇ ਲੋਕਾਂ ਨੂੰ ਮਨਾਡੋ ਸ਼ਹਿਰ ਦੇ ਖੇਤਰੀ ਹਸਪਤਾਲ ਅਤੇ ਪਰਮਾਤਾ ਬੁੰਡਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਦੀ ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਸ਼ੁਰੂ ਕਰ ਦਿੱਤਾ ਹੈ। ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਇਕ ਰਿਹਾਇਸ਼ੀ ਘਰ 'ਚ ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਸ਼ੁਰੂਆਤੀ ਜਾਂਚ 'ਚ ਘਟਨਾ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।



