ਠਾਣੇ (ਪਾਇਲ): ਤੁਹਾਨੂੰ ਦੱਸ ਦਇਏ ਕਿ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਇਕ ਬੈਂਕੁਏਟ ਹਾਲ 'ਚ ਅੱਗ ਲੱਗਣ ਕਾਰਨ ਇਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਏ 1000 ਤੋਂ ਵੱਧ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਕਰੀਬ 11 ਵਜੇ ਸ਼ਹਿਰ ਦੇ ਘੋੜਬੰਦਰ ਰੋਡ 'ਤੇ ਓਵਾਲਾ ਇਲਾਕੇ 'ਚ ਸਮਾਗਮਾਂ ਲਈ ਬਣੇ ਹਾਲ ਕੰਪਲੈਕਸ 'ਚ ਵਾਪਰੀ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਦੇ ਅਨੁਸਾਰ, 'ਦਿ ਬਲੂ ਰੂਫ ਕਲੱਬ' ਦੇ ਲਾਅਨ ਵਿੱਚ ਇੱਕ ਕੈਬਿਨ ਦੇ ਬਾਹਰ ਰੱਖੇ ਪਵੇਲੀਅਨ ਦੀ ਸਜਾਵਟ ਸਮੱਗਰੀ ਨੂੰ ਅੱਗ ਲੱਗ ਗਈ।
ਉਸ ਸਮੇਂ ਉੱਥੇ ਵਿਆਹ ਦੀ ਰਸਮ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਘਟਨਾ ਸਮੇਂ 1,000 ਤੋਂ 1,200 ਮਹਿਮਾਨ ਘਟਨਾ ਸਥਾਨ 'ਤੇ ਇਕੱਠੇ ਹੋਏ ਸਨ। ਉਨ੍ਹਾਂ ਕਿਹਾ, "ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।" ਫਾਇਰ ਅਧਿਕਾਰੀਆਂ ਨੇ ਕਿਹਾ ਕਿ ਸਮੇਂ ਸਿਰ ਚੌਕਸੀ ਅਤੇ ਜਲਦੀ ਨਿਕਾਸੀ ਨੇ "ਵੱਡੀ ਤ੍ਰਾਸਦੀ ਨੂੰ ਰੋਕਣ" ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅੱਗ ਬੁਝਾਉਣ ਦੇ ਕੰਮ ਵਿੱਚ ਦੋ ਫਾਇਰ ਇੰਜਣ, ਇੱਕ ਬਚਾਅ ਵਾਹਨ ਅਤੇ ਇੱਕ ਸਹਾਇਤਾ ਵਾਹਨ ਸ਼ਾਮਲ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਅੱਧੀ ਰਾਤ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

