ਪੱਤਰ ਪ੍ਰੇਰਕ : ਜਲੰਧਰ ਵਿੱਚ ਸ਼ਨੀਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸ਼ਹਿਰ ਦੇ ਮਸ਼ਹੂਰ ਕਰਮਾ ਫੈਸ਼ਨ ਸਟੂਡੀਓ ਮਾਲਕ ਨੂੰ ਧਮਕੀ ਭਰਿਆ ਪੱਤਰ ਮਿਲਿਆ। ਧਮਕੀ ਭਰੇ ਪੱਤਰ ਦੇ ਨਾਲ ਇੱਕ ਰੌਂਦ ਵੀ ਮਿਲਿਆ ਹੈ। ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਂਦਿਆਂ ਪੀੜਤ ਨੇ ਥਾਣਾ-4 ਦੀ ਪੁਲੀਸ ਨੂੰ ਇਹ ਚਿੱਠੀ ਸੌਂਪ ਦਿੱਤੀ ਹੈ।
ਸਟੂਡੀਓ ਦੇ ਮਾਲਕ ਸ਼ੇਖਰ ਨੇ ਦੱਸਿਆ ਕਿ ਉਕਤ ਪੱਤਰ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਨਾ ਜੀਬੀ (ਜੀ.ਬੀ.) ਨੇ ਭੇਜਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਟੂਡੀਓ ਮਾਲਕ ਦੇ ਸੁਰੱਖਿਆ ਗਾਰਡ ਨੂੰ ਮਿਲੇ ਪੱਤਰ ਵਿੱਚ ਜੀਬੀ ਅਤੇ ਐਲਬੀ ਲਿਖਿਆ ਗਿਆ ਸੀ। ਸੀਸੀਟੀਵੀ ਉਸ ਖੇਤਰ ਨੂੰ ਕਵਰ ਨਹੀਂ ਕਰਦਾ ਜਿੱਥੇ ਪੱਤਰ ਸੁੱਟਿਆ ਗਿਆ ਸੀ, ਜਿਸ ਕਾਰਨ ਸੀਸੀਟੀਵੀ ਫੁਟੇਜ ਸਾਹਮਣੇ ਨਹੀਂ ਆਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ-4 ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਜਾਂਚ ਲਈ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਨੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਸਵੇਰੇ ਵਾਪਰੀ। ਜਦੋਂ ਸ਼ੋਅਰੂਮ ਦੇ ਸੁਰੱਖਿਆ ਗਾਰਡ ਨੂੰ ਇੱਕ ਪੱਤਰ ਅਤੇ ਇੱਕ ਰੌਂਦ ਮਿਲਿਆ। ਸੁਰੱਖਿਆ ਗਾਰਡ ਨੇ ਤੁਰੰਤ ਆਪਣੇ ਬੌਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਚਿੱਠੀ ਵਿੱਚ ਦੋ ਨਾਂ ਲਿਖੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਐਲਬੀ (ਲਾਰੈਂਸ ਬਿਸ਼ਨੋਈ) ਅਤੇ ਦੂਜਾ ਜੀਬੀ (ਗੋਲਡੀ ਬਰਾੜ) ਹੈ। ਪੱਤਰ ਹਿੰਦੀ ਵਿੱਚ ਲਿਖਿਆ ਗਿਆ ਹੈ, ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ।