ਜਲੰਧਰ (ਇੰਦਰਜੀਤ ਸਿੰਘ) : ਜਲੰਧਰ-ਪਠਾਨਕੋਟ ਮਾਰਗ ਸਥਿਤ ਪਿੰਡ ਕਾਹਨਪੁਰ ਨਜ਼ਦੀਕ ਤੜਕਸਾਰ ਧੁੰਦ ਕਾਰਨ ਕਈ ਵਾਹਨ ਆਪਸ 'ਚ ਟਕਰਾਉਣ 'ਤੇ ਇਕ ਟਿੱਪਰ ਚਾਲਕ ਦੀ ਮੌਤ ਹੋ ਗਈ ਜਦਕਿ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਟਿੱਪਰ ਚਾਲਕ ਦੀ ਪਛਾਣ ਰਾਜਵੀਰ ਉਰਫ਼ ਕਾਲਾ ਨਿਵਾਸੀ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਤੜਕਸਾਰ ਧੁੰਦ ਦੌਰਾਨ ਇਕ ਟਿੱਪਰ ਅੱਗੇ ਜਾ ਰਹੇ ਵਾਹਨ ਨਾਲ ਟਕਰਾਉਣ ਕਾਰਨ ਸੜਕ 'ਤੇ ਪਲਟ ਗਿਆ।
ਉਪਰੰਤ ਇਕ ਤੋਂ ਬਾਅਦ ਇਕ ਵਾਹਨ ਉਸ ਦੇ ਪਿੱਛੇ ਆ ਕੇ ਵੱਜਦੇ ਗਏ। ਬੇਸ਼ੱਕ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਜਾ ਕੇ ਕਾਰਵਾਈ ਆਰੰਭੀ ਪਰ ਧੁੰਦ ਜ਼ਿਆਦਾ ਹੋਣ ਕਾਰਨ ਅੱਗੇ ਤੋਂ ਅੱਗੇ ਵਾਹਨ ਟਕਰਾਉਂਦੇ ਜਾ ਰਹੇ ਸਨ।ਜਾਣਕਾਰੀ ਅਨੁਸਾਰ ਪਹਿਲਾਂ ਦੋ ਟਿੱਪਰ ਟਕਰਾਉਣ ਕਾਰਨ ਇਕ ਟਿੱਪਰ ਪਲਟ ਗਿਆ। ਪੁਲਿਸ ਨੇ ਪੁੱਜ ਕੇ ਕਾਰਵਾਈ ਕਰ ਹੀ ਰਹੀ ਸੀ ਕਿ ਪਿੱਛੋਂ ਆ ਰਹੇ ਹੋਰ 6 ਵਾਹਨ ਆਪਸ 'ਚ ਟਕਰਾ ਗਏ। ਖ਼ਬਰ ਲਿਖੇ ਜਾਣ ਤਕ 25 ਤੋਂ 30 ਵਾਹਨ ਆਪਸ 'ਚ ਟਕਰਾਉਣ ਦੀ ਸੂਚਨਾ ਹੈ। ਇਸ ਤੋਂ ਬਾਅਦ ਜਲੰਧਰ-ਪਠਾਨਕੋਟ ਮਾਰਗ 'ਤੇ ਲੰਮਾ ਜਾਮ ਲੱਗ ਗਿਆ। ਪੁਲਿਸ ਵੱਲੋਂ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



