
ਖੰਨਾ (ਰਾਘਵ): ਸ਼ਹਿਰ ਦੇ ਅਮਲੋਹ ਰੋਡ 'ਤੇ ਸਨਸਿਟੀ ਨੇੜੇ ਸਕੂਲ ਬੱਸ ਦੀ ਟੱਕਰ ਨਾਲ ਇਕ ਮੋਟਰ ਸਾਈਕਲ ਸਵਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਹਾਦਸੇ ਮਗਰੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ। ਮ੍ਰਿਤਕ ਦੀ ਪਛਾਣ ਹਰਜੋਤ ਸਿੰਘ (22) ਵਾਸੀ ਫ਼ਤਹਿਗੜ੍ਹ ਨਿਊਆਂ ਜ਼ਿਲ੍ਹਾ ਫਤ਼ਹਿਗੜ੍ਹ ਸਾਹਿਬ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਰਜੋਤ ਸਿੰਘ ਬਾਈਕ 'ਤੇ ਅਮਲੋਹ ਤੋਂ ਵਾਪਸ ਖੰਨਾ ਵੱਲ ਆ ਰਿਹਾ ਸੀ। ਇਸ ਦੌਰਾਨ ਬੱਚਿਆਂ ਨੂੰ ਛੱਡਣ ਜਾ ਰਹੀ ਸਕੂਲ ਬੱਸ ਸਾਹਮਣਿਓਂ ਆ ਰਹੀ ਸੀ। ਬੱਸ ਨੇ ਜਿਉਂ ਹੀ ਸਨਸਿਟੀ ਨੇੜੇ ਕੱਟ ਮਾਰਿਆ ਤਾਂ ਬੱਸ ਦੀ ਟੱਕਰ ਹਰਜੋਤ ਸਿੰਘ ਦੀ ਬਾਈਕ ਨਾਲ ਹੋ ਗਈ। ਹਰਜੋਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਬਾਅਦ ਵਿਚ ਉਸ ਦੀ ਮੌਤ ਹੋ ਗਈ। ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਸੀ।