
ਹੁਸ਼ਿਆਰਪੁਰ (ਰਾਘਵ): ਗੜ੍ਹਸ਼ੰਕਰ ਤੋਂ ਕੋਟਫਤੂਹੀ ਨੂੰ ਜਾਣ ਵਾਲੀ ਬਿਸਤ ਦੋਆਬ ਨਹਿਰ 'ਤੇ ਰਾਵਲਪਿੰਡੀ ਮੋੜ 'ਤੇ ਮਹਿੰਦਰਾ ਪਿਕਅੱਪ ਗੱਡੀ ਨਹਿਰ 'ਚ ਪਲਟ ਗਈ। ਇਸ ਹਾਦਸੇ ਵਿਚ 15 ਸਾਲਾ ਲੜਕੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ ਹੋਈ ਮਹਿੰਦਰਾ ਪਿਕਅੱਪ ਗੱਡੀ ਯੂ.ਪੀ. ਵਦਾਇਉਂ ਨੂੰ ਜਾ ਰਹੀ ਸੀ ਅਤੇ ਜਦੋਂ ਉਕਤ ਥਾਂ 'ਤੇ ਪੁੱਜੀ ਤਾਂ ਸੜਕ ਦੇ ਵਿੱਚਕਾਰ ਕਿਸੇ ਮਵੇਸ਼ੀ ਦੇ ਆਉਣ ਨਾਲ ਨਹਿਰ ਵਿੱਚ ਡਿੱਗ ਪਈ। ਮਹਿੰਦਰਾ ਪਿਕਅੱਪ ਵਿੱਚ ਬੱਚਿਆਂ ਸਮੇਤ 30 ਤੋਂ 35 ਮਜ਼ਦੂਰ ਸਵਾਰ ਸਨ। ਇਹ ਸਾਰੇ ਮਜ਼ਦੂਰ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਸਨ ਜਿਹੜੇ ਕਿ ਯੂ. ਪੀ. ਦੇ ਵਦਾਇਉਂ ਨੂੰ ਜਾ ਰਹੇ ਸਨ।
ਹਾਦਸੇ ਉਪਰੰਤ ਲੋਕਾਂ ਵੱਲੋਂ ਜੱਦੋ-ਜਹਿਦ ਨਾਲ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ, ਜਿਸ ਦੇ ਵਿੱਚ ਇਕ 15 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਕਾਸ਼ ਪੁੱਤਰ ਰਾਕੇਸ਼ ਕੁਮਾਰ ਯੂ. ਪੀ. ਵਦਾਇਉਂ ਵਜੋਂ ਹੋਈ ਹੈ। ਇਸ ਮਾਮਲੇ 'ਚ ਥਾਣਾ ਗੜ੍ਹਸ਼ੰਕਰ ਦੇ ਮਹਿੰਦਰਪਾਲ ਏ. ਐੱਸ. ਆਈ. ਨੇ ਦੱਸਿਆ ਕਿ ਹਾਦਸੇ ਦੌਰਾਨ ਲੋਕਾਂ ਦੀ ਮਦਦ ਨਾਲ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਅਤੇ 1 ਲੜਕੇ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਬਾਕੀ ਮਜ਼ਦੂਰ ਸਹੀ ਸਲਾਮਤ ਹਨ। ਉਨ੍ਹਾਂ ਕਿਹਾ ਕਿ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।