ਸਮਰਾਲਾ (ਪਾਇਲ) : ਚੰਡੀਗੜ੍ਹ ਤੋਂ ਫ਼ਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅੱਜ ਸਵੇਰੇ ਕਰੀਬ 8 ਵਜੇ ਅਚਾਨਕ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਕਰੀਬ 40 ਯਾਤਰੀ ਸਵਾਰ ਸਨ। ਬੱਸ ਦੇ ਪਲਟਦਿਆਂ ਹੀ ਮੌਕੇ 'ਤੇ ਹੜਕੰਪ ਮਚ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਪਲਟੀ ਬੱਸ 'ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿੱਚ ਦੋ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸਮਰਾਲਾ ਲਿਜਾਇਆ ਗਿਆ। ਦੱਸ ਦਇਏ ਕਿ ਬਾਕੀ ਯਾਤਰੀਆਂ ਨੂੰ ਮਾਮੂਲੀ ਸੱਟਾਂ ਅਤੇ ਝਰੀਟਾਂ ਆਈਆਂ, ਪਰ ਸਾਰੇ ਬਚ ਗਏ।
ਮੌਕੇ 'ਤੇ ਮੌਜੂਦ ਬੱਸ ਸਟਾਫ਼ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਚਲਦੇ ਸਮੇਂ ਬੱਸ ਦੀ ਰਾਡ ਬੈਲਟ ਟੁੱਟ ਗਈ, ਜਿਸ ਕਾਰਨ ਬੱਸ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਮੁੱਖ ਮਾਰਗ ਤੋਂ ਸਮਰਾਲਾ ਸ਼ਹਿਰ ਵਿੱਚ ਦਾਖਲ ਹੋ ਰਹੀ ਸੀ। ਹਸਪਤਾਲ ਪ੍ਰਸ਼ਾਸਨ ਮੁਤਾਬਕ ਦੋਵੇਂ ਜ਼ਖਮੀ ਯਾਤਰੀਆਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।



