ਪੰਜਾਬ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ, 4 ਜ਼ਖ਼ਮੀ

by nripost

ਸ੍ਰੀ ਕੀਰਤਪੁਰ ਸਾਹਿਬ (ਰਾਘਵ): ਸ਼੍ਰੀ ਕੀਰਤਪੁਰ ਸਾਹਿਬ ਮਨਾਲੀ ਨੈਸ਼ਨਲ ਹਾਈਵੇ 21,205 ਮੁੱਖ ਮਾਰਗ ’ਤੇ ਅੱਜ ਸਵੇਰੇ ਤੜਕੇ ਚਾਰ ਵਜੇ ਦੇ ਕਰੀਬ ਬਹੁਤ ਵੱਡੀ ਦੁਰਘਟਨਾ ਵਾਪਰੀ ਹੈ। ਜਿਸ ਵਿਚ ਇਕ ਕਾਰ ਵਿਚ ਪੰਜ ਜਣੇ ਸਵਾਰ ਸੀ ਜੋ ਇਕ ਅਣਪਛਾਤੇ ਵਾਹਨ ਨਾਲ ਪਿੱਛੋਂ ਦੀ ਟਕਰਾ ਕੇ ਕਾਰ ਚਕਨਾਚੂਰ ਹੋ ਗਈ। ਕਾਰ ਨੰਬਰ ਐਚ ਆਰ 91 ਸੀ 2109 ਵਿਚ ਦੋ ਮਹਿਲਾਵਾਂ ਅਤੇ ਤਿੰਨ ਪੁਰਸ਼ ਸਫ਼ਰ ਕਰ ਰਹੇ ਸਨ, ਜਿਨਾਂ ਵਿੱਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਚਲਦੇ ਹੀ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਅਤੇ ਟੋਲ ਪਲਾਜ਼ਾ ਗਰਾਂ ਮੋੜਾ ਤੋਂ ਐਬੂਲੈਂਸ ਮੌਕੇ 'ਤੇ ਪਹੁੰਚ ਗਈ, ਜਿਨਾਂ ਨੇ ਜਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਪਹੁੰਚਾਇਆ।

ਇਸ ਸਬੰਧੀ ਥਾਣਾ ਕੀਰਤਪੁਰ ਸਾਹਿਬ ਦੇ ਜਾਂਚ ਅਧਿਕਾਰੀ ਖੁਸ਼ਹਾਲ ਸਿੰਘ ਨੇ ਦੱਸਿਆ ਕੀ ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਕ ਵਿਅਕਤੀ ਜਿਸ ਦੀ ਪਛਾਣ ਨੀਰਜ ਉਮਰ 30 ਸਾਲ ਪੁੱਤਰ ਪ੍ਰਹਿਲਾਦ ਦੇ ਰੂਪ ਵਿੱਚ ਹੋਈ ਹੈ, ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਦੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਨੂੰ ਮੌਕੇ ਤੇ ਮੋਬਾਇਲ ਫੋਨ ਅਤੇ ਏਟੀਐਮ ਕਾਰਡ ਮਿਲੇ ਹਨ, ਜਿਨਾਂ ਦੀ ਮਦਦ ਨਾਲ ਹਾਦਸਾਗ੍ਰਸਤ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਗਿਆ। ਨੀਰਜ ਤੋਂ ਇਲਾਵਾ ਨੀਰਜ ਦੀ ਪਤਨੀ ਸ਼ਿਲਪੀ ਉਮਰ 21 ਸਾਲ, ਸਾਹਿਲ ਉਮਰ 30 ਸਾਲ ਪੁੱਤਰ ਬਿਸ਼ੰਭਰ, ਸਲੋਨੀ ਉਮਰ 20 ਸਾਲ ਪਤਨੀ ਸਾਹਿਲ ਚਾਰਾਂ ਦੀ ਪਛਾਣ ਪਿੰਡ ਅਜੈਪੁਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ ਅਤੇ ਗੱਡੀ ਦਾ ਡਰਾਈਵਰ ਆਸ਼ੀਸ਼ ਪੁੱਤਰ ਘੰਣਸ਼ਾਮ ਵਾਸੀ ਸੁਭਾਸ਼ ਕਲੋਨੀ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਇਹਨਾਂ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕੀ ਇੱਕ ਵਿਅਕਤੀ ਨੂੰ ਬਹੁਤ ਮੁਸ਼ਕਲ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਕਿਉਂਕਿ ਗੱਡੀ ਬੁਰੀ ਤਰ੍ਹਾਂ ਪ੍ਰੈਸ ਹੋ ਚੁੱਕੀ ਸੀ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੈ ਕੀ ਦੁਰਘਟਨਾ ਕਿਸ ਤਰਾਂ ਵਾਪਰੀ, ਤੇ ਕਿਸ ਗੱਡੀ ਨਾਲ ਇਨ੍ਹਾਂ ਦੀ ਟੱਕਰ ਹੋਈ। ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।