ਸੰਗਰੂਰ (ਰਾਘਵ): ਲੰਘੀ ਰਾਤ ਧੂਰੀ-ਸੰਗਰੂਰ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਸ਼ਹਿਰ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਲੰਘੀ ਰਾਤ ਕਰੀਬ ਸਵਾ 12 ਵਜੇ ਨੌਜਵਾਨ ਆਕਾਸ਼ ਕੁਮਾਰ (23) ਪੁੱਤਰ ਨਰੇਸ਼ ਕੁਮਾਰ ਤੇ ਗੁਰਵਿੰਦਰ ਸਿੰਘ ਉਰਫ ਕਾਲਾ (18) ਵਾਸੀ ਧਰਮਪੁਰਾ ਮੁਹੱਲਾ, ਧੂਰੀ ਆਪਣੀ ਪਿਕਅੱਪ ਗੱਡੀ ’ਚ ਹਰਿਆਣਾ ਵਿਖੇ ਮਾਲ ਅਨਲੋਡ ਕਰ ਕੇ ਵਾਪਸ ਧੂਰੀ ਪਰਤ ਰਹੇ ਸੀ। ਇਸ ਦੌਰਾਨ ਜਦ ਉਹ ਧੂਰੀ ਬਾਈਪਾਸ ਦੇ ਕੋਲ ਪੁੱਜੇ, ਤਾਂ ਸੜਕ ਦੇ ਕੰਢੇ ਖੜ੍ਹੇ ਇਕ ਟਰਾਲੇ ਨਾਲ ਉਨ੍ਹਾਂ ਦੀ ਪਿਕਅੱਪ ਦੀ ਟੱਕਰ ਹੋ ਗਈ।
ਇਸ ਹਾਦਸੇ ’ਚ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਟਰਾਲਾ ਲੈ ਕੇ ਫਰਾਰ ਹੋ ਗਿਆ। ਲੋਕਾਂ ਵੱਲੋਂ ਪੁਲਸ ਦੀ ਮਦਦ ਨਾਲ ਦੋਵੇਂ ਨੌਜਵਾਨਾਂ ਨੂੰ ਮ੍ਰਿਤਕ ਹਾਲਤ ’ਚ ਹਸਪਤਾਲ ਲੈ ਜਾਇਆ ਗਿਆ। ਇਸ ਸਬੰਧੀ ਮਾਮਲੇ ਦੀ ਤਫਦੀਸ਼ ਕਰ ਰਹੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆਂ ਕਿ ਪਿਕਅੱਪ ਚਾਲਕ ਆਕਾਸ਼ ਕੁਮਾਰ ਦੇ ਪਿਤਾ ਨਰੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰਾਲਾ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਟਰਾਲੇ ਅਤੇ ਉਸ ਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।



