ਮਾਲੇਰਕੋਟਲਾ ਦੇ ਨੌਜਵਾਨ ਨੇ ਕੈਨੇਡਾ ‘ਚ ਕੀਤੀ ਖ਼ੁਦਕੁਸ਼ੀ

by nripost

ਮਾਲੇਰਕੋਟਲਾ (ਨੇਹਾ): ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਨੇੜਲੇ ਪਿੰਡ ਬੀੜ ਅਹਿਮਦਾਬਾਦ ਦੇ ਨੌਜਵਾਨ ਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਮਨਜੋਤ ਸਿੰਘ (22) ਵਜੋਂ ਹੋਈ ਹੈ। ਹਰਮਨਜੋਤ ਦੇ ਮਾਮਾ ਤੇ ਸਾਬਕਾ ਸਰਪੰਚ ਧਰਮਿੰਦਰ ਸਿੰਘ ਚੱਕ ਸ਼ੇਖੂਪੁਰ ਕਲਾਂ ਮੁਤਾਬਕ ਜਦੋਂ ਹਰਮਨਜੋਤ ਸਿੰਘ ਢਾਈ ਸਾਲਾਂ ਦਾ ਸੀ ਉਦੋਂ ਉਸ ਦੇ ਪਿਤਾ ਅਮਨਦੀਪ ਸਿੰਘ ਤੇ ਮਾਤਾ ਮਨਜੀਤ ਕੌਰ ਦੀ ਮੌਤ ਹੋ ਗਈ ਸੀ। ਉਸ ਦਾ ਪਾਲਣ ਪੋਸ਼ਣ ਨਾਨਕਿਆਂ ਨੇ ਕੀਤਾ ਤੇ ਬਾਰ੍ਹਵੀਂ ਪਾਸ ਕਰਨ ਮਗਰੋਂ ਆਈਲੈੱਟਸ ਕਰਕੇ ਉਹ ਕੈਨੇਡਾ ਚਲਾ ਗਿਆ।

ਅੱਜ ਕੈਨੇਡਾ ਤੋਂ ਉਸ ਦੇ ਦੋਸਤਾਂ ਤੇ ਪੁਲੀਸ ਅਧਿਕਾਰੀ ਦਾ ਫੋਨ ਆਇਆ ਕਿ ਹਰਮਨਜੋਤ ਸਿੰਘ ਨੇ ਕਮਰੇ ਦੇ ਦਰਵਾਜ਼ੇ ’ਤੇ ਪਰਨੇ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਹਰਮਨਜੋਤ ਆਪਣਾ ਡਿਪਲੋਮਾ ਕੋਰਸ ਮੁਕੰਮਲ ਕਰਕੇ ਵਰਕ ਪਰਮਿਟ ’ਤੇ ਕੰਮ ਦੇ ਨਾਲ ਨਾਲ ਡਿਗਰੀ ਦੀ ਪੜ੍ਹਾਈ ਵੀ ਕਰ ਰਿਹਾ ਸੀ। ਖ਼ੁਦਕੁਸ਼ੀ ਦੇ ਕਾਰਨ ਬਾਰੇ ਉਨ੍ਹਾਂ ਦੱਸਿਆ ਕਿ ਪੜ੍ਹਾਈ ’ਚ ਘੱਟ ਨੰਬਰਾਂ ਕਰਕੇ ਪੀਆਰ ਲਈ ਲੋੜੀਂਦੀ ਮੈਰਿਟ ਨਾ ਹੋਣ ਤੋਂ ਬੇਸ਼ੱਕ ਉਹ ਕਾਫੀ ਨਿਰਾਸ਼ ਸੀ ਪਰ ਉਨ੍ਹਾਂ ਨੂੰ ਉਸ ਕੋਲੋਂ ਅਜਿਹਾ ਕਦਮ ਚੁੱਕਣ ਦੀ ਉਮੀਦ ਨਹੀਂ ਸੀ। ਉਨ੍ਹਾਂ ਭਾਰਤ ਅਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਹਰਮਨਜੋਤ ਸਿੰਘ ਦੀ ਲਾਸ਼ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।