ਹਨੀਟ੍ਰੈਪ ‘ਚ ਫਸੇ ਨੌਜਵਾਨ ਨੇ ਕੀਤੀ ਜ਼ਿੰਦਗੀ ਖ਼ਤਮ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਹਨੀਟ੍ਰੈਪ ਵਿੱਚ ਫਸੇ ਵਿਕਾਸ ਨਾਂ ਦੇ ਨੌਜਵਾਨ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਦੱਸਿਆ ਜਾ ਰਿਹਾ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਮਾਮਲੇ 'ਚ ਪੁਲਿਸ ਨੇ 2 ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੀਆਂ ਮਹਿਲਾਵਾਂ ਨੌਜਵਾਨਾਂ ਨੂੰ ਹਨੀਟ੍ਰੈਪ ਵਿੱਚ ਫਸਾ ਕੇ ਬਲੈਕਮੇਲ ਕਰਦੀਆਂ ਸਨ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਉਹ ਆਪਣੇ ਘਰੋਂ ਕੁਝ ਪੈਸੇ ਲੈ ਕੇ ਵਕੀਲ ਨੂੰ ਮਿਲਣ ਗਿਆ ਸੀ ਪਰ ਵਕੀਲ ਨਾ ਮਿਲਣ 'ਤੇ ਉਹ ਹਨੀਟ੍ਰੈਪ 'ਚ ਫਸ ਗਿਆ। ਜਿਸ ਕਾਰਨ ਉਸ ਨੇ ਜ਼ਹਿਰ ਖਾ ਕੇ ਅੱਜ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਵਿਕਾਸ ਦੀ ਭੈਣ ਨੇ ਦੱਸਿਆ ਕਿ ਵਿਕਾਸ ਦੇ ਫੋਨ 'ਤੇ ਕਿਸੇ ਮਹਿਲਾ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਜਿਸ 'ਚ ਉਹ ਵਿਕਾਸ ਕੋਲੋਂ ਪੈਸਿਆਂ ਦੀ ਮੰਗ ਕਰ ਰਹੀ ਸੀ ਪਰ ਉਸ ਨੂੰ ਨਹੀ ਪਤਾ ਸੀ ਕਿ ਵਿਕਾਸ ਨੇ ਜ਼ਹਿਰ ਖਾ ਲਿਆ ਹੈ, ਜਦੋ ਉਸ ਨੂੰ ਪਤਾ ਲਗਾ ਵਿਕਾਸ ਦੀ ਮੌਤ ਹੋ ਗਈ ਤਾਂ ਉਸ ਨੇ ਫੋਨ ਕਰਨਾ ਬੰਦ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।