
ਮੁੱਲਾਂਪੁਰ ਦਾਖਾ (ਰਾਘਵ): ਸਥਾਨਕ ਰੇਲਵੇ ਸਟੇਸ਼ਨ 'ਤੇ ਪਿਛਲੇ ਤਿੰਨ-ਚਾਰ ਦਿਨਾਂ ਤੋਂ ਖੜੀ ਮਾਲ ਗੱਡੀ ਦੇ ਗਾਰਡ ਵਾਲੀ ਬੋਗੀ ਵਿਚੋਂ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ। ਜੀ.ਆਰ.ਪੀ. ਪੁਲਸ ਨੇ ਸਿਵਲ ਹਸਪਤਾਲ ਜਗਰਾਉਂ ਇਲਾਜ ਲਈ ਲਿਆਂਦਾ ਤਾਂ ਦਮ ਤੋੜ ਗਿਆ। ਜੀ.ਆਰ.ਪੀ ਦੇ ਸਬ-ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮੁੱਲਾਂਪੁਰ ਰੇਲਵੇ ਸਟੇਸ਼ਨ 'ਤੇ ਇਕ ਮਾਲ ਗੱਡੀ 3-4 ਦਿਨਾਂ ਤੋਂ ਖੜੀ ਸੀ। ਇਕ ਨੌਜਵਾਨ ਜਿਸ ਦੀ ਪਛਾਣ ਉਮੀਦ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਨੇੜੇ ਜੈਨ ਭਵਨ ਮੰਡੀ ਮੁੱਲਾਂਪੁਰ ਵਜੋਂ ਹੋਈ ਗਾਰਡ ਦੀ ਬੋਗੀ ਵਿਚੋਂ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਜਿਸ ਨੂੰ ਸਿਵਲ ਹਸਪਤਾਲ ਜਗਰਾਉਂ ਜੇਰੇ ਇਲਾਜ ਲਈ ਲਿਆਂਦਾ ਗਿਆ ਤਾਂ ਉਹ ਦਮ ਤੋੜ ਗਿਆ। ਏ.ਐੱਸ.ਆਈ ਸਤਨਾਮ ਸਿੰਘ ਨੇ ਮ੍ਰਿਤਕ ਦੇ ਪਿਤਾ ਚਮਕੌਰ ਸਿੰਘ ਦੇ ਬਿਆਨਾਂ ਤੇ 194 ਬੀ.ਐਨ.ਐੱਸ ਅਧੀਨ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਦੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।