ਮਹਿੰਗੀ ਬਿਜਲੀ ਖਿਲਾਫ ਸੂਬੇ ਵਿੱਚ 16000 ਜਨ-ਸਭਾਵਾਂ ਕਰੇਗੀ ਆਮ ਆਦਮੀ ਪਾਰਟੀ : ਪ੍ਰਿੰਸੀਪਲ ਬੁੱਧ ਰਾਮ

by vikramsehajpal

ਬੁਢਲਾਡਾ (ਕਰਨ)- ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈਕੇ ਆਮ ਆਦਮੀ ਪਾਰਟੀ (ਆਪ ) ਵੱਲੋਂ ਪੰਜਾਬ ਵਿੱਚ ਪਿੰਡ-ਪਿੰਡ ਵਾਰਡ-ਵਾਰਡ ਵਿੱਚ ਲੋਕ ਚੇਤਨਾ ਜਨ ਸਭਾਵਾਂ ਸ਼ੁਰੂ ਕੀਤੀਂਆਂ ਗਈਆਂ ਹਨ, ਜਿੰਨਾਂ ਵਿੱਚ ਪੰਜਾਬ ਦੇ ਲੋਕਾਂ ਦੇ ਮਿਲ ਰਹੇ ਭਾਰੀ ਸਹਿਯੋਗ ਨੂੰ ਵੇਖਦੇ ਹੋਏ ਕੈਪਟਨ ਸਰਕਾਰ ਨੇ ਰਾਜਨੀਤਿਕ ਗਤੀਵਿਧੀਆਂ ਅਤੇ ਜਨ ਸਭਾਵਾਂ ਤੇ ਕੋਰੋਨਾ ਦਾ ਬਹਾਨਾ ਲਾਕੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਨੇ ਵੱਡੇ-ਵੱਡੇ ਗੱਪ ਮਾਰ ਕੇ ਸਰਕਾਰ ਬਣਾਈ ਸੀ, ਅੱਜ ਲੋਕ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਦਾ ਜਵਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ , ਬੇਰੁਜਗਾਰੀ ਭੱਤਾ, 51,000 ਰੁਪਏ ਸ਼ਗਨ, 2 ,500 ਰੁਪਏ ਪੈਨਸ਼ਨ ਅਤੇ ਕਿਸਾਨਾਂ ਦੇ ਕਰਜੇ ਮੁਆਫੀ ਦੇ ਗੱਪ ਲੋਕਾਂ ਨੇ ਪਹਿਚਾਣ ਲਏ ਹਨ, ਲੋਕਾਂ ਦਾ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਨੁਸਾਰ ਕਿ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਕਾਂਗਰਸ ਸਰਕਾਰ ਆਉਣ ‘ਤੇ ਰੱਦ ਕੀਤੇ ਜਾਣਗੇ ਅਤੇ ਬਿਜਲੀ ਸਸਤੀ ਮੁਹੱਈਆ ਕਰਵਾਈ ਜਾਵੇਗੀ, ਪਰ ਹੋਇਆ ਇਸ ਦੇ ਬਿਲਕੁਲ ਉਲਟ, ਜਿੱਥੇ ਕੈਪਟਨ ਸਰਕਾਰ ਨੇ ਪ੍ਰਾਈਵੇਟ ਥਰਮਲਾਂ ਦੇ ਮਾਲਕਾਂ ਨੂੰ ਸਰਕਾਰੀ ਖਜਾਨਾ ਲੁੱਟਣ ਦੀ ਖੁੱਲ ਅਕਾਲੀਆਂ ਦੀ ਤਰ੍ਹਾਂ ਦਿੱਤੀ ਹੈ ,ਉੱਥੇ ਹੀ ਬਿਜਲੀ ਦਰਾਂ ਵਿੱਚ ਵਾਰ-ਵਾਰ ਵਾਧੇ ਕਰਕੇ ਆਮ ਲੋਕਾਂ ਦਾ ਬਿਜਲੀ ਬਿਲਾਂ ਨੇ ਕਚੂਮਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਆ ਰਹੇ ਵੱਡੇ-ਵੱਡੇ ਬਿਲਾਂ ਦੇ ਖਿਲਾਫ ਆਮ-ਆਦਮੀ ਪਾਰਟੀ ਨੇ ਸੂਬਾ ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਬਿਜਲੀ ਦੇ ਸਮਝੌਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਰੱਦ ਕੀਤੇ ਜਾਣਗੇ ਅਤੇ ਆਮ ਲੋਕਾਂ ਦੇ ਬਿਲ ਦਿੱਲੀ ਦੀ ਤਰਜ ਤੇ ਜੀਰੋ ਆਉਣਗੇ ਅਤੇ ਯੂਨਿਟ ਦਾ ਰੇਟ ਵੀ ਘਟਾ ਕੇ ਦਿੱਲੀ ਦੀਆਂ ਦਰਾਂ ਅਨੁਸਾਰ ਕੀਤਾ ਜਾਵੇਗਾ।

ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਜ਼ਿਲ੍ਹਾ ਮੀਡੀਆ ਸਲਾਹਕਾਰ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਕਰਕੇ ਹੁਣ ਕੈਪਟਨ ਸਰਕਾਰ ਕੋਰੋਨਾ ਦੀ ਆੜ ਵਿੱਚ ਰਾਜਸੀ ਗਤੀਵਿਧੀਆਂ ਤੇ ਰੋਕ ਲਾਉਣਾ ਚਾਹੁੰਦੀ ਹੈ, ਜਿਸ ਨੂੰ ਆਮ ਆਦਮੀ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਅਤੇ ਬਿਜਲੀ ਮੁਹਿੰਮ ਅੰਦੋਲਨ ਹਰ ਪਿੰਡ, ਹਰ ਵਾਰਡ ਵਿੱਚ ਹੋਵੇਗਾ ਅਤੇ ਹਰ ਜਗ੍ਹਾ ਮਹਿੰਗੇ ਬਿਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਪ੍ਰਾਈਵੇਟ ਥਰਮਲਾਂ ਦੇ ਮਾਲਕਾਂ ਨਾਲ ਮਿਲੀਭੁਗਤ ਕਰਕੇ ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਦੇ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ ਘਰ -ਘਰ ਜਾ ਕੇ ਆਮ ਲੋਕਾਂ ਨੂੰ ਦੱਸਿਆ ਜਾਵੇਗਾ ਅਤੇ ਜਾਗਰਤ ਕੀਤਾ ਜਾਵੇਗਾ।