
ਫਿਰੋਜ਼ਪੁਰ (ਨੇਹਾ): ਹਲਕਾ ਗੁਰੂਹਰਸਹਾਏ ਦੇ ਪਿੰਡ ਤਰਿਡਾ ਦੇ ਨੌਜਵਾਨ ਸਰਪੰਚ ਤੇ 'ਆਪ' ਮੈਂਬਰ ਜਸ਼ਨ ਬਾਵਾ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਆਈ ਹੈ। 27 ਸਾਲਾ ਜਸ਼ਨ ਬਾਵਾ ਪੁੱਤਰ ਤਰਸੇਮ ਲਾਲ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ 'ਤੇ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਸ ਨੇ ਲਿਖਿਆ, ''ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ,ਮੇਰੇ ਯਾਰ ਸਭ ਹੁੰਮ-ਹੁੰਮਾ ਕੇ ਚੱਲਣਗੇ।''
ਹਾਲਾਂਕਿ ਮ੍ਰਿਤਕ ਜਸ਼ਨ ਦੇ ਸੱਜਣਾ ਮਿੱਤਰਾਂ ਵੱਲੋਂ ਉਸ ਦੇ ਹੱਸਮੁਖ ਸੁਭਾਅ ਸਬੰਧੀ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਉਸ ਨੇ ਇਹ ਕਦਮ ਕਿਉਂ ਚੁੱਕਿਆ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਸ਼ਨ ਬਾਵਾ ਦੇ ਰਿਸ਼ਤੇਦਾਰਾਂ ਮੁਤਾਬਿਕ ਜਸ਼ਨ ਬਾਵਾ ਹਸਮੁੱਖ ਸੁਭਾਅ ਦਾ ਮਾਲਕ ਸੀ ਅਤੇ ਇਲਾਕੇ ਵਿੱਚ ਕਾਫ਼ੀ ਵਿਚਰਦਾ ਸੀ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦਾ ਸੀ।
ਜਸ਼ਨ ਦੀ ਖੁਦਕੁਸ਼ੀ ਦੀ ਖ਼ਬਰ ਲੱਗਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਮੰਦਭਾਗੀ ਘਟਨਾ ਸਬੰਧੀ ਪਤਾ ਲੱਗਦਿਆਂ ਹੀ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਮੋਕੇ ’ਤੇ ਪਹੁੰਚ ਗਈ ਅਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਹਲਕਾ ਵਿਧਾਇਕ ਅਤੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਸਮੇਤ ਕਈ ਆਪ ਨੇਤਾ ਤੇ ਵਲੰਟੀਅਰ ਵੀ ਪਹੁੰਚੇ। ਫਿਲਿਹਾਲ ਖ਼ੁਦਕੁਸ਼ੀ ਦੇ ਪਿੱਛੇ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਪੁਲਿਸ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।