ਸਵਾਲਾਂ ‘ਚ ਘਿਰੀ “ਆਪ” ਸਰਕਾਰ, ਰੋਡ ਸ਼ੋਅ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼

by jaskamal

 ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ 'ਚ AAP ਨੂੰ ਵੱਡੀ ਜਿੱਤ ਮਿਲਣ ਤੋਂ ਬਾਅਦ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ 'ਚ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਪੰਜਾਬ 'ਚ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਆ ਗਏ ਹਨ। ਦਰਅਸਲ ਪਾਰਟੀ 'ਤੇ ਰੋਡ ਸ਼ੋਅ ਨੂੰ ਸਫਲ ਬਣਾਉਣ 'ਚ ਸਰਕਾਰੀ ਅਮਲੇ ਦੀ ਦੁਰਵਰਤੋਂ ਦੇ ਵੀ ਦੋਸ਼ ਲੱਗੇ ਹਨ।ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ 'ਆਪ' ਦੇ ਰੋਡ ਸ਼ੋਅ 'ਚ ਪਾਰਟੀ ਵਰਕਰਾਂ ਨੂੰ ਸਰਕਾਰੀ ਬੱਸਾਂ 'ਚ ਲਿਜਾਇਆ ਗਿਆ। ਉਨ੍ਹਾਂ ਪੁੱਛਿਆ ਹੈ ਕਿ ਕੀ ਇਹੋ ਆਮ ਆਦਮੀ ਪਾਰਟੀ ਦਾ ਪੰਜਾਬ ਮਾਡਲ ਹੈ ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿੱਤ 'ਤੇ ਵਧਾਈ ਦਿੰਦਿਆਂ ਕਿਹਾ ਕਿ ਅਸੀਂ 'ਆਪ' ਨੂੰ ਕੰਮ ਕਰਨ ਦੇ ਮੌਕੇ ਵੀ ਦੇਣਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ 'ਆਪ' ਨੇ ਗੁਰੂ ਨਗਰੀ 'ਚ ਰੋਡ ਸ਼ੋਅ ਕੱਢ ਕੇ ਸਮੁੱਚੀ ਲੀਡਰਸ਼ਿਪ ਨਤਮਸਤਕ ਹੋਈ ਹੈ, ਇਹ ਸਾਡੀ ਪਰੰਪਰਾ ਨਹੀਂ ਹੈ ਨਾ ਹੀ ਇਹ ਸਾਡੀ ਮਰਯਾਦਾ ਹੈ।

ਕਾਂਗਰਸ ਦੇ ਨਵੇਂ ਚੁਣੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਰੋਡ ਸ਼ੋਏ 'ਤੇ ਉਂਗਲ ਚੁੁੱਕੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੰਜਾਬ ਸਰਕਾਰ ਵੱਲੋਂ ਜਾਰੀ ਇਕ ਪੱਤਰ ਵੀ ਸਾਂਝਾ ਕੀਤਾ ਹੈ। ਮੁੱਖ ਸਕੱਤਰ ਦੇ ਹਵਾਲੇ ਨਾਲ ਇਸ ਪੱਤਰ 'ਚ ਵਿਸ਼ੇਸ਼ ਸਕੱਤਰ ਮਾਲ ਸਮੇਤ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਪ੍ਰਬੰਧਾਂ ਲਈ ਪੈਸਾ ਖਰਚ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਦੋਸ਼ ਲਾਇਆ ਗਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕਾਂ ਨੂੰ ਅੰਮ੍ਰਿਤਸਰ ਲਿਜਾਣ ਵਾਲੀਆਂ ਪੀਆਰਟੀਸੀ ਦੀਆਂ ਬੱਸਾਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਗਰਾਊਂਡ 'ਚ ਖੜ੍ਹੀਆਂ ਸਨ। ਰੋਡ ਸ਼ੋਅ ਤੋਂ ਬਾਅਦ ਬੱਸਾਂ ਆਪੋ-ਆਪਣੇ ਸ਼ਹਿਰ ਦੇ ਲੋਕਾਂ ਨੂੰ ਲੈ ਕੇ ਵਾਪਸ ਪਰਤ ਗਈਆਂ।