ਮਹਿਸਾਣਾ (ਪਾਇਲ): ਗੁਜਰਾਤ ਦੇ ਮਹਿਸਾਣਾ ਜ਼ਿਲੇ ਦੇ ਇਕ ਜੋੜੇ ਅਤੇ ਉਨ੍ਹਾਂ ਦੀ ਤਿੰਨ ਸਾਲਾ ਬੇਟੀ ਨੂੰ ਲੀਬੀਆ 'ਚ ਕਥਿਤ ਤੌਰ 'ਤੇ 2 ਕਰੋੜ ਰੁਪਏ ਦੀ ਫਿਰੌਤੀ ਲਈ ਬੰਧਕ ਬਣਾ ਲਿਆ ਗਿਆ। ਉਹ ਪੁਰਤਗਾਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਦਇਏ ਕਿ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਹਿਸਾਣਾ ਦੇ ਪੁਲਿਸ ਸੁਪਰਡੈਂਟ (ਐਸਪੀ) ਹਿਮਾਂਸ਼ੂ ਸੋਲੰਕੀ ਨੇ ਕਿਹਾ ਕਿ ਕਿਸਮਤ ਸਿੰਘ ਚਾਵੜਾ, ਉਸਦੀ ਪਤਨੀ ਹਿਨਾਬੇਨ ਅਤੇ ਬੇਟੀ ਦੇਵਾਂਸ਼ੀ ਨੂੰ ਪੁਰਤਗਾਲ ਜਾਂਦੇ ਸਮੇਂ ਭੂਮੱਧ ਸਾਗਰ ਨਾਲ ਲੱਗਦੇ ਉੱਤਰੀ ਅਫ਼ਰੀਕੀ ਦੇਸ਼ ਵਿੱਚ ਅਗਵਾ ਕਰ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਚਾਵੜਾ ਦਾ ਭਰਾ ਪੁਰਤਗਾਲ ਵਿੱਚ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬਾਦਲਪੁਰਾ ਦਾ ਰਹਿਣ ਵਾਲਾ ਇਹ ਪਰਿਵਾਰ ਪੁਰਤਗਾਲ ਦੇ ਇੱਕ ਏਜੰਟ ਦੀ ਮਦਦ ਨਾਲ ਯੂਰਪ ਦੇ ਕਿਸੇ ਦੇਸ਼ ਵਿੱਚ ਵਸਣ ਦੀ ਯੋਜਨਾ ਬਣਾ ਕੇ ਘੁੰਮ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਮਹਿਸਾਣਾ ਦੇ ਜ਼ਿਲ੍ਹਾ ਮੈਜਿਸਟਰੇਟ ਐਸ.ਕੇ. ਪ੍ਰਜਾਪਤੀ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਸੋਲੰਕੀ ਨੇ ਦੱਸਿਆ ਕਿ ਪਰਿਵਾਰ 29 ਨਵੰਬਰ ਨੂੰ ਅਹਿਮਦਾਬਾਦ ਤੋਂ ਫਲਾਈਟ ਰਾਹੀਂ ਦੁਬਈ ਲਈ ਰਵਾਨਾ ਹੋਇਆ ਸੀ।
ਜਿਸ ਦੌਰਾਨ ਉਥੋਂ ਉਸ ਨੂੰ ਲੀਬੀਆ ਦੇ ਬੇਨਗਾਜ਼ੀ ਸ਼ਹਿਰ ਲਿਜਾਇਆ ਗਿਆ, ਜਿੱਥੇ ਉਸ ਨੂੰ ਅਗਵਾ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅਗਵਾਕਾਰਾਂ ਨੇ ਮਹਿਸਾਣਾ ਵਿੱਚ ਪਰਿਵਾਰ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਸੀ ਅਤੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪ੍ਰਜਾਪਤੀ ਨੇ ਕਿਹਾ ਕਿ ਚਾਵੜਾ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਇਸ ਬਾਰੇ ਰਾਜ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਹੈ।



