ਡਰਾਈਵਰ ਦੀ ਅੱਖ ਲੱਗਣ ਕਾਰਨ ਵਾਪਰਿਆ ਹਾਦਸਾ, 2 ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਕੋਲ ਸਬਜ਼ੀ ਨਾਲ ਭਰੀ ਪਿਕਅਪ ਮਹਿੰਦਰਾ ਗੱਡੀ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 7 ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੂੰ ਰੈਫਰ ਕੀਤਾ ਗਿਆ। ਜਾਣਕਾਰੀ ਅਨੁਸਾਰ ਤਲਵੰਡੀ ਭਾਈ ਵਿਖੇ ਸਬਜ਼ੀ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਆਪਣੇ ਸਾਥੀਆਂ ਜਗਜੀਤ ਸਿੰਘ, ਅਰੁਣ ਕੁਮਾਰ, ਸੁਖਵਿੰਦਰ ਸਿੰਘ, ਮੌਜਦੀਨ, ਮੁਕੇਸ਼ ਕੁਮਾਰ, ਗੁਰਮੇਲ ਸਿੰਘ, ਸੰਤੋਸ਼, ਬਲਦੇਵ ਸਿੰਘ, ਜਤਿੰਦਰ ਸਿੰਘ, ਸੋਨੂੰ ਕੁਮਾਰ ਸਬਜ਼ੀ ਮੰਡੀ 'ਚ ਸਬਜ਼ੀ ਲੈਣ ਲਈ ਆਏ ਸਨ, ਜਦੋਂ ਉਹ ਸਬਜ਼ੀ ਲੱਦ ਕੇ ਤਲਵੰਡੀ ਭਾਈ ਜਾ ਰਹੇ ਸੀ ਤਾਂ ਡਰਾਈਵਰ ਸੁਖਵਿੰਦਰ ਸਿੰਘ ਨਿਵਾਸੀ ਤਲਵੰਡੀ ਭਾਈ ਦੀ ਅੱਖ ਲੱਗਣ ਕਾਰਣ ਗੱਡੀ ਬੇਕਾਬੂ ਹੋ ਕੇ ਡਵਾਈਡਰ ਨਾਲ ਜਾ ਟਕਰਾਈ ਅਤੇ ਪਲਟ ਗਈ। ਐੱਸ. ਐੱਸ. ਪੀ. ਭੁਪਿੰਦਰ ਸਿੰਘ ਆਪਣੀ ਪਾਇਲਟ ਗੱਡੀ ਸਮੇਤ ਚੰਡੀਗੜ੍ਹ ਜਾ ਰਹੇ ਸੀ ਤਾਂ ਜਦੋਂ ਉਨ੍ਹਾਂ ਇਹ ਹਾਦਸਾ ਦੇਖਿਆ ਤਾਂ ਉਨ੍ਹਾਂ ਆਪਣੀ ਗੱਡੀ ਰੋਕੀ 'ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ।