ਟਵਿੱਟਰ ਨਿਯਮਾਂ ਦੀ ਉਲੰਘਣ ਨੂੰ ਲੈ ਬੰਦ ਕੀਤਾ ਰਾਹੁਲ ਗਾਂਧੀ ਅਤੇ ਹੋਰ ਕਾਂਗਰਸ ਨੇਤਾਵਾਂ ਦੇ ਅਕਾਊਂਟ

by vikramsehajpal

ਦਿੱਲੀ (ਦੇਵ ਇੰਦਰਜੀਤ) : ਟਵਿੱਟਰ ਨੇ ਵੀਰਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਕਈ ਨੇਤਾਵਾਂ ਦੇ ਅਕਾਊਂਟ ਇਸ ਕਾਰਨ ਬੰਦ ਕੀਤੇ ਗਏ ਕਿ ਉਨ੍ਹਾਂ ਨੇ ਇਕ ਅਜਿਹੀ ਤਸਵੀਰ ਪੋਸਟ ਕੀਤੀ ਸੀ, ਜਿਸ ਨਾਲ ਉਸ ਦੇ ਨਿਯਮਾਂ ਦਾ ਉਲੰਘਣ ਹੋਇਆ ਸੀ ਅਤੇ ਇਹ ਕਾਰਵਾਈ ਲੋਕਾਂ ਦੀ ਪ੍ਰਾਇਵੇਸੀ ਦੀ ਰੱਖਿਆ ਅਤੇ ਸੁਰੱਖਿਆ ਲਈ ਕੀਤੀ।

ਟਵਿੱਟਰ ਨੇ ਪਿਛਲੇ ਹਫ਼ਤੇ ਰਾਸ਼ਟਰੀ ਰਾਜਧਾਨੀ 'ਚ 9 ਸਾਲਾ ਇਕ ਦਲਿਤ ਬੱਚੀ ਨਾਲ ਜਬਰ ਜ਼ਿਨਾਹ ਅਤੇ ਉਸ ਦੇ ਕਤਲ ਦੀ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਪੋਸਟ ਕਰਨ ਨੂੰ ਲੈ ਕੇ ਰਾਹੁਲ ਅਤੇ ਕਾਂਗਰਸ ਦੇ ਕਈ ਨੇਤਾਵਾਂ ਦੇ ਟਵਿੱਟਰ ਹੈਂਡਲ ਬੰਦ ਕਰ ਦਿੱਤੇ।

ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ। ਸੰਪਰਕ ਕਰਨ 'ਤੇ, ਟਵਿੱਟਰ ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਦੇ ਨਿਯਮਾਂ ਨੂੰ ਉਸ ਦੀ ਸੇਵਾ 'ਚ ਸਾਰਿਆਂ ਲਈ ਨਿਰਪੱਖ ਰੂਪ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਸੈਂਕੜੇ ਟਵੀਟ 'ਤੇ ਤੁਰੰਤ ਕਾਰਵਾਈ ਕੀਤੀ ਹੈ, ਜਿਨ੍ਹਾਂ 'ਚੋਂ ਇਕ ਅਜਿਹੀ ਤਸਵੀਰ ਪਾਈ ਗਈ ਸੀ, ਜੋ ਸਾਡੇ ਨਿਯਮਾਂ ਦਾ ਉਲੰਘਣ ਕਰਦੀ ਹੈ ਅਤੇ ਅਸੀਂ ਆਪਣੇ ਵੱਖ-ਵੱਖ ਪਰਿਵਰਤਨ ਵਿਕਲਪਾਂ ਦੇ ਅਨੁਰੂਪ ਅਜਿਹਾ ਕਰਨਾ ਜਾਰੀ ਰੱਖ ਸਕਦੇ ਹਾਂ।

ਇਕ ਖ਼ਾਸ ਤਰ੍ਹਾਂ ਦੀ ਨਿੱਜੀ ਜਾਣਕਾਰੀ 'ਚ ਹੋਰ ਦੀ ਤੁਲਨਾ 'ਚ ਕਿਤੇ ਜ਼ਿਆਦਾ ਜ਼ੋਖਮ ਹੁੰਦਾ ਹੈ ਅਤੇ ਸਾਡਾ ਮਕਸਦ ਹਮੇਸ਼ਾ ਲੋਕਾਂ ਦੀ ਪ੍ਰਾਇਵੇਸੀ ਦੀ ਰੱਖਿਆ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਹੈ।'' ਟਵਿੱਟਰ ਨੇ ਕਿਹਾ ਕਿ ਉਸ ਨੂੰ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਐੱਨ.ਸੀ.ਪੀ.ਆਰ. ਵਲੋਂ ਸੋਸ਼ਲ ਮੀਡੀਆ ਮੰਚ 'ਤੇ ਇਕ ਖ਼ਾਸ ਸਮੱਗਰੀ ਨੂੰ ਲੈ ਕੇ ਸਾਵਧਾਨ ਕੀਤਾ ਗਿਆ ਸੀ, ਜਿਸ 'ਚ ਯੌਨ ਉਤਪੀੜਨ ਪੀੜਤਾ ਬੱਚੀ) ਦੇ ਮਾਤਾ-ਪਿਤਾ ਦੀ ਪਛਾਣ ਦਾ ਖ਼ੁਲਾਸਾ ਕੀਤਾ ਗਿਆ ਸੀ।