ਕਣਕ ਦੇ ਖੇਤ ‘ਚ ਅਫੀਮ ਦੀ ਖੇਤੀ, 1620 ਪੌਦਿਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ : ਹਰਿਆਣਾ ਦੇ ਪਾਣੀਪਤ ਵਿਖੇ ਇਕ ਵਿਅਕਤੀ ਅਫੀਮ ਦੀ ਖੇਤੀ ਦੇ ਦੋਸ਼ 'ਚ ਪੌਦਿਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਏਐੱਸਆਈ ਅਨਿਲ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਪੁਲਿਸ ਦੀ ਟੀਮ ਨੇ ਮਤਲੋਡਾ, ਪਾਣੀਪਤ ਦੇ ਅਡਿਆਣਾ 'ਚ ਅਫੀਮ ਦੀ ਖੇਤੀ ਕਰਦੇ ਮੁਲਜ਼ਮ ਜਗਮਿੰਦਰ ਪੁੱਤਰ ਸੂਬਾ ਸਿੰਘ ਵਾਸੀ ਅਡਿਆਣਾ ਪਾਣੀਪਤ ਨੂੰ ਫੁੱਲਾਂ ਤੇ ਡੋਡੇ ਦੇ 1620 ਬੂਟਿਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਅਫੀਮ ਦੇ ਬੂਟਿਆਂ ਨੂੰ ਤੋਲਣ 'ਤੇ 81 ਕਿਲੋ 900 ਗ੍ਰਾਮ ਬਰਾਮਦ ਹੋਇਆ। ਮੁਲਜ਼ਮ ਜਗਮਿੰਦਰ ਖ਼ਿਲਾਫ਼ ਥਾਣਾ ਮਤਲੋਡਾ 'ਚ ਕੇਸ ਦਰਜ ਕਰਨ ਮਗਰੋਂ ਪੁਲੀਸ ਟੀਮ ਨੇ ਗ੍ਰਿਫ਼ਤਾਰ ਮੁਲਜ਼ਮ ਜਗਮਿੰਦਰ ਨੂੰ ਅਦਾਲਤ 'ਚ ਪੇਸ਼ ਕੀਤਾ ਤੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।

ਇਸ ਤੋਂ ਪਹਿਲਾਂ ਜ਼ਿਲ੍ਹੇ ਦੀ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਪਿੰਡ ਭਾਪੜਾ ਤੋਂ 128 ਤੇ ਪਿੰਡ ਮਨਾਣਾ ਤੋਂ 2071 ਨਸ਼ੀਲੀਆਂ ਗੋਲੀਆਂ ਤੇ ਭੁੱਕੀ ਦੇ ਬੂਟਿਆਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨਸ਼ਾ ਤਸਕਰੀ ਸਣੇ ਗ਼ੈਰ-ਕਾਨੂੰਨੀ ਧੰਦੇ 'ਚ ਸ਼ਾਮਲ ਮੁਲਜ਼ਮਾਂ ’ਤੇ ਵਿਸ਼ੇਸ਼ ਨਜ਼ਰ ਰੱਖ ਰਹੀਆਂ ਹਨ।