ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਥਾਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦਾ ਪ੍ਰਧਾਨ

by jaskamal

ਨਿਊਜ਼ ਡੈਸਕ (ਜਸਕਮਲ) : ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀਆਂ ਚੋਣਾਂ ਲਈ ਅੱਜ ਹੋਏ ਜਨਰਲ ਇਜਲਾਸ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਐੱਸਜੀਪੀਸੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਕਰਨੈਲ ਸਿੰਘ ਪੰਜੋਲੀ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। 

ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਏ ਜਨਰਲ ਇਜਲਾਸ ਦੌਰਾਨ ਪ੍ਰਧਾਨ ਤੇ ਜਨਰਲ ਸਕੱਤਰ ਦੀ ਚੋਣ ਵੋਟਾਂ ਪਾ ਕੇ ਕੀਤੀ ਗਈ ਜਦਕਿ ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ ਬਿਨਾਂ ਕਿਸੇ ਵਿਰੋਧ ਦੇ ਨਾਮਜ਼ਦ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੀ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਹਰਜਾਪ ਸਿੰਘ ਸੁਲਤਾਨਵਿੰਡ, ਸੁਰਜੀਤ ਸਿੰਘ ਕੰਗ, ਗੁਰਿੰਦਰਪਾਲ ਸਿੰਘ ਗੋਰਾ, ਜੋਧ ਸਿੰਘ ਸਮਰਾ, ਬੀਬੀ ਗੁਰਪ੍ਰੀਤ ਕੌਰ, ਸਰਵਣ ਸਿੰਘ ਕੁਲਾਰ, ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਡੋਗਰਾਂਵਾਲਾ, ਬਲਵਿੰਦਰ ਸਿੰਘ ਵੇਈਂਪੂਈਂ, ਅਮਰਜੀਤ ਸਿੰਘ ਬੰਡਾਲਾ ਤੇ ਵਿਰੋਧੀ ਧਿਰ ਦੇ ਇਕ ਮੈਂਬਰ ਵਜੋਂ ਗੁਰਪ੍ਰੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਅੱਜ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਪਾਏ ਰੌਲੇ-ਰੱਪੇ ਕਾਰਨ ਸਾਰੇ ਮਤੇ ਨਹੀਂ ਪੜ੍ਹੇ ਜਾ ਸਕੇ ਤੇ ਸਮਾਗਮ ਦੀ ਸਮਾਪਤੀ ਲਈ ਅਰਦਾਸ ਕਰ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ 'ਚ ਹੀ ਬਲਵਿੰਦਰ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਨੇ ਲਾਪਤਾ ਸਰੂਪਾਂ ਦਾ ਮਾਮਲਾ ਉਠਾਉਣ ਦਾ ਯਤਨ ਕੀਤਾ ਜਦਕਿ ਚੋਣ ਦੇ ਮੱਧ ਦੌਰਾਨ ਵਿਰੋਧੀ ਧਿਰ ਦੇ ਇਨ੍ਹਾਂ ਸਾਰੇ ਮੈਂਬਰਾਂ ਨੇ ਅੰਤ੍ਰਿੰਗ ਕਮੇਟੀ ਵਿਚ ਦੋ ਮੈਂਬਰ ਲੈਣ ਦੀ ਮੰਗ ਨੂੰ ਲੈ ਕੇ ਰੌਲਾ ਪਾਇਆ, ਜਿਸ ਨਾਲ ਮਰਿਆਦਾ ਵੀ ਭੰਗ ਹੋਈ।