ਫਿਰ ਦਹਿਲਿਆ ਅਫਗਾਨਿਸਤਾਨ, ਕਾਬੁਲ ਦੀ ਮਸਜਿਦ ‘ਚ ਵੱਡਾ ਧਮਾਕਾ, 50 ਤੋਂ ਵੱਧ ਮੌਤਾਂ

by jaskamal

ਨਿਊਜ਼ ਡੈਸਕ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਸਥਿਤ ਇਕ ਮਸਜਿਦ ’ਚ ਸ਼ੁੱਕਰਵਾਰ ਨੂੰ ਹੋਏ ਧਮਾਕੇ ’ਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖ਼ਮੀ ਹੋ ਗਏ। ਰਮਜ਼ਾਨ ਦੇ ਆਖ਼ਰੀ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਲਈ ਖਲੀਫਾ ਆਗਾ ਗੁਲ ਜਾਨ ਮਸਜਿਦ ’ਚ ਸੈਂਕੜੇ ਲੋਕ ਮੌਜੂਦ ਸਨ। ਹਾਲਾਂਕਿ ਤਾਲਿਬਾਨ ਸਰਕਾਰ ਦੇ ਤਰਜਮਾਨ ਮੁਹੰਮਦ ਨਾਫੀ ਟਾਕੋਰ ਨੇ 10 ਲੋਕਾਂ ਦੇ ਮਾਰੇ ਜਾਣ ਦੀ ਹੀ ਜਾਣਕਾਰੀ ਦਿੱਤੀ ਹੈ।

ਘਟਨਾ ਤੋਂ ਬਾਅਦ ਤਾਲਿਬਾਨ ਸੁਰੱਖਿਆ ਮੁਲਾਜ਼ਮਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਧਮਾਕੇ ਦੇ ਸਰੋਤ ਦੀ ਜਾਣਕਾਰੀ ਤੁਰੰਤ ਨਹੀਂ ਮਿਲ ਸਕੀ ਤੇ ਕਿਸੇ ਨੇ ਵੀ ਹਾਲੇ ਤਕ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਸ-ਪਾਸ ਦਾ ਇਲਾਕਾ ਦਹਿਲ ਉੱਠਿਆ। ਰਸਤਾ ਤੰਗ ਹੋਣ ਕਾਰਨ ਐਂਬੂਲੈਂਸ ਨੂੰ ਮਸਜਿਦ ਤਕ ਪਹੁੰਚਣ ’ਚ ਕਾਫ਼ੀ ਮੁਸ਼ੱਕਤ ਕਰਨੀ ਪਈ। ਕਾਬੁਲ ਦੇ ਜਿਸ ਹਸਪਤਾਲ ’ਚ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ ਉੱਥੋਂ ਦੀ ਇਕ ਨਰਸ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਘੱਟੋ ਘੱਟ 30 ਲੋਕਾਂ ਦੀਆਂ ਲਾਸ਼ਾਂ ਦੇਖੇ ਜਾਣ ਦੀ ਪੁਸ਼ਟੀ ਕੀਤੀ ਹੈ। ਚਸ਼ਮਦੀਦਾਂ ਨੇ ਵੀ ਭਾਰੀ ਗਿਣਤੀ ’ਚ ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਹੈ।