ਰਾਜਪਾਲ ਨਾਲ ਮੁਲਾਕਾਤ ਮਗਰੋਂ ਬੋਲੇ ਭਗਵੰਤ ਮਾਨ, ਕਿਹਾ- ‘ਪੰਜਾਬ ਲਈ ਲਵਾਂਗੇ ਇਤਿਹਾਸਕ ਫ਼ੈਸਲੇ’

by jaskamal

ਨਿਊਜ਼ ਡੈਸਕ : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਸ਼ਨੀਵਾਰ ਨੂੰ ਰਾਜਭਵਨ ਵਿਖੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ। ਭਗਵੰਤ ਮਾਨ ਨੇ 92 ਵਿਧਾਇਕਾਂ ਸਣੇ ਰਾਜਪਾਲ ਨੂੰ ਸਮਰਥਨ ਪੱਤਰ ਸੌਂਪਿਆ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ।

ਭਗਵੰਤ ਮਾਨ ਨੇ ਰਾਜਭਵਨ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 16 ਮਾਰਚ ਨੂੰ ਦੁਪਹਿਰ 12.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਸ ਦਿਨ ਆਪਣਾ ਸਭ ਕੁੱਝ ਪੰਜਾਬ ਦੀ ਤਰੱਕੀ ਲਈ ਨਿਛਾਵਰ ਕਰਨ ਦੀ ਸਹੁੰ ਚੁੱਕਾਂਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਪੂਰੇ ਪੰਜਾਬ ਤੋਂ ਲੋਕ ਆਉਣਗੇ ਤੇ ਭਗਤ ਸਿੰਘ ਨੂੰ ਸ਼ਰਧਾਂਜਲੀ ਵੀ ਦੇਣਗੇ।