ਨਕੋਦਰ ਮੇਲੇ ਦੀ ਟਿਪਣੀ ਤੋਂ ਬਾਅਦ,ਗੁਰਦਾਸ ਮਾਨ ਨੇ ਮੰਗੀ ਮੁਆਫ਼ੀ

by vikramsehajpal

ਨਕੋਦਰ (ਦੇਵ ਇੰਦਰਜੀਤ) : ਪੰਜਾਬ ਦੇ ਉੱਘੇ ਗਾਇਕ ਗੁਰਦਾਸ ਮਾਨ ਦਾ ਬੀਤੇ ਦਿਨ ਇਕ ਵਿਵਾਦ ਕਾਫ਼ੀ ਵਧ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸਾਂਝੀ ਕਰਕੇ ਮੁਆਫ਼ੀ ਮੰਗਣੀ ਪਈ। ਗੁਰਦਾਸ ਮਾਨ ਨੇ ਫੇਸਬੁੱਕ 'ਤੇ ਵੀਡੀਓ ਸਾਂਝੀ ਕਰਦਿਆਂ ਕਿਹਾ, ''ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰਿਆਂ, ਮੈਂ ਕਦੇ ਵੀ ਆਪਣੇ ਗੁਰੂਆਂ ਦਾ ਅਪਮਾਨ ਕਰਨ ਬਾਰੇ ਨਹੀਂ ਸੋਚਿਆ।

ਗੁਰੂ ਸਾਹਿਬਾਨ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।''
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ''ਮੇਰੇ ਵਲੋਂ ਆਖੀ ਗੱਲ ਨੇ ਜੇਕਰ ਕਿਸੇ ਦੇ ਵੀ ਦਿਲ ਨੂੰ ਦੁੱਖ ਪਹੁੰਚਾਇਆ ਹੈ ਤਾਂ ਮੈਂ ਹੱਥ ਜੋੜ ਕੇ 100-100 ਵਾਰ ਮੁਆਫ਼ੀ ਮੰਗਦਾ ਹਾਂ।''

ਬੀਤੇ ਦਿਨੀਂ ਗੁਰਦਾਸ ਮਾਨ ਨਕੋਦਰ ਵਿਖੇ ਗੁਰਦਾਸ ਮਾਨ ਦਾ ਪ੍ਰੋਗਰਾਮ ਸੀ, ਜਿਸ ਦੌਰਾਨ ਉਨ੍ਹਾਂ ਨੇ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ। ਜਦੋਂ ਗੁਰਦਾਸ ਮਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸਿੱਖ ਜੱਥੇਬੰਦੀਆਂ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਇਸ ਮਾਮਲੇ 'ਚ ਸਿੱਖ ਜੱਥੇਬੰਦੀਆਂ ਨੇ ਗੁਰਦਾਸ ਮਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਮਾਮਲੇ ਨੂੰ ਜ਼ਿਆਦਾ ਭਖਦਾ ਵੇਖ ਹੁਣ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਮੁਆਫ਼ੀ ਮੰਗ ਲਈ ਹੈ।

ਦੱਸਣਯੋਗ ਹੈ ਕਿ ਗੁਰਦਾਸ ਮਾਨ ਉਦੋਂ ਤੋਂ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਜਦੋਂ ਉਨ੍ਹਾਂ ਨੇ ਸਟੇਜ ਤੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਦਿੱਤੀ ਸੀ। ਉਸ ਵਿਵਾਦ ਤੋਂ ਬਾਅਦ ਲੋਕਾਂ ਨੇ ਗੁਰਦਾਸ ਮਾਨ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਸੀ।