ਹਵਾ ਪ੍ਰਦੂਸ਼ਣ : ਦਿੱਲੀ ‘ਚ ਸਕੂਲ ਖੋਲ੍ਹਣ ਤੋਂ ਨਾਰਾਜ਼ SC, ਸਰਕਾਰ ਨੂੰ ਤਾੜਨਾ, ਕਿਹਾ- ਜਾਂ ਤਾਂ ਸਰਕਾਰ ਫ਼ੈਸਲਾ ਲਵੇ ਨਹੀਂ ਤਾਂ ਹੁਕਮ ਕਰਾਂਗੇ ਜਾਰੀ…

by jaskamal

ਨਿਊਜ਼ ਡੈਸਕ, ਨਵੀਂ ਦਿੱਲੀ : ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਵੀਰਵਾਰ ਨੂੰ ਸੁਣਵਾਈ ਕਰ ਰਿਹਾ ਹੈ। ਅਦਾਲਤ ਨੇ ਸਕੂਲ ਖੋਲ੍ਹਣ ਲਈ ਦਿੱਲੀ ਸਰਕਾਰ ਨੂੰ ਫਟਕਾਰ ਲਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸੀਐੱਨਜੀ ਬੱਸਾਂ ਬਾਰੇ ਵੀ ਸਰਕਾਰ ਨੂੰ ਸਵਾਲ ਕੀਤੇ।

ਇਸ ਤੋਂ ਪਹਿਲਾਂ ਦੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਨਿਯਮਾਂ ਦੀ ਪਾਲਣਾ ਲਈ ਟਾਸਕ ਫੋਰਸ ਬਣਾਉਣ ਦੀ ਗੱਲ ਕੀਤੀ ਸੀ। ਅਦਾਲਤ ਦਿੱਲੀ 'ਚ ਵਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਦੇ 17 ਸਾਲਾ ਵਿਦਿਆਰਥੀ ਆਦਿਤਿਆ ਦੂਬੇ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੀ ਹੈ।

ਚੀਫ਼ ਜਸਟਿਸ ਐੱਨਵੀ ਰਮੰਨਾ ਨੇ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਡਾਕਟਰ ਏਐੱਮ ਸਿੰਘਵੀ ਨੂੰ ਕਿਹਾ, "ਅਸੀਂ ਇਸ ਨੂੰ ਗੰਭੀਰਤਾ ਨਾਲ ਦੇਖ ਰਹੇ ਹਾਂ ਤੇ ਤੁਸੀਂ ਸਾਨੂੰ ਕਿਹਾ ਕਿ ਸਕੂਲ ਬੰਦ ਹਨ, ਪਰ ਅਜਿਹਾ ਨਹੀਂ ਹੈ।" 3 ਤੋਂ 4 ਸਾਲ ਦੇ ਬੱਚਿਆਂ ਨੂੰ ਸਕੂਲ ਭੇਜਿਆ ਜਾ ਰਿਹਾ ਹੈ।'' ਸੀਜੇਆਈ ਨੇ ਕਿਹਾ ਕਿ ਅੱਜ ਦੇ ਅਖਬਾਰ 'ਚ ਇਹੀ ਲਿਖਿਆ ਗਿਆ ਹੈ ਕਿ ਬੱਚੇ ਸਕੂਲ ਜਾ ਰਹੇ ਹਨ। “ਜੇ ਤੁਸੀਂ ਆਰਡਰ ਚਾਹੁੰਦੇ ਹੋ, ਤਾਂ ਅਸੀਂ ਕਿਸੇ ਨੂੰ ਨਿਯੁਕਤ ਕਰ ਸਕਦੇ ਹਾਂ,”।

ਜਸਟਿਸ ਰਮੰਨਾ ਨੇ ਕਿਹਾ ਕਿ ਬਜ਼ੁਰਗਾਂ ਨੂੰ ਘਰ ਤੋਂ ਕੰਮ ਕਰਨਾ ਪੈਂਦਾ ਹੈ ਤੇ ਬੱਚਿਆਂ ਨੂੰ ਸਕੂਲ ਜਾਣਾ ਪੈਂਦਾ ਹੈ। ਜਸਟਿਸ ਸੂਰਿਆਕਾਂਤ ਨੇ ਇਹ ਵੀ ਕਿਹਾ ਕਿ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ 'ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਸਰਕਾਰਾਂ ਨੂੰ 24 ਘੰਟੇ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਉਹ 24 ਘੰਟੇ ਦਾ ਸਮਾਂ ਦਿੰਦੇ ਹਨ, ਜਾਂ ਤਾਂ ਸਰਕਾਰਾਂ ਫੈਸਲਾ ਲੈਣ, ਨਹੀਂ ਤਾਂ ਅਸੀਂ ਹੁਕਮ ਜਾਰੀ ਕਰਾਂਗੇ।