Airtel ਦੀਆਂ ਸੇਵਾਵਾਂ ਠੱਪ, ਯੂਜ਼ਰਸ ਰਹੇ ਨੇ ਪਰੇਸ਼ਾਨ; ਕੰਪਨੀ ਨੇ ਟਵੀਟ ਰਾਹੀਂ ਕਿਹਾ ਸਾਨੂੰ ਅਫਸੋਸ ਹੈ…

by jaskamal

ਨਿਊਜ਼ ਡੈਸਕ : ਏਅਰਟੈੱਲ ਦਾ ਨੈੱਟਵਰਕ ਦਿੱਲੀ, ਜੈਪੁਰ, ਕੋਲਕਾਤਾ ਸਮੇਤ ਦੇਸ਼ ਦੇ ਕਈ ਸ਼ਹਿਰਾਂ ’ਚ ਡਾਊਨ ਹੈ। ਏਅਰਟੈੱਲ ਦੇ ਨੈੱਟਵਰਕ ਦੇ ਠੱਪ ਹੋਣ ਦੀ ਸ਼ਿਕਾਇਤ ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ ’ਤੇ ਕਰ ਰਹੇ ਹਨ। ਟਵਿਟਰ ’ਤੇ #AirtelDown ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੋਬਾਈਲ ਇੰਟਰਨੈੱਟ ਤੇ ਕਾਲਿੰਗ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਈ ਯੂਜ਼ਰਸ ਨੇ ਬ੍ਰਾਡਬੈਂਡ ਦੇ ਨਾਲ ਵੀ ਸਮੱਸਿਆ ਦੀ ਸ਼ਿਕਾਇਤ ਕੀਤੀ ਹੈ। ਯੂਜ਼ਰਸ ਦਾ ਦਾਅਵਾ ਹੈ ਕਿ ਏਅਰਟੈੱਲ ਥੈਂਕਸ ਐਪ ਵੀ ਕੰਮ ਨਹੀਂ ਕਰ ਰਿਹਾ। ਡਾਊਨਡਿਟੈਕਟਰ ਮੁਤਾਬਕ, ਏਅਰਟੈੱਲ ਦਾ ਨੈੱਟਵਰਕ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ, ਅਹਿਮਦਾਬਾਦ, ਜੈਪੁਰ ਅਤੇ ਕੋਲਕਾਤਾ ਵਰਗੇ ਸ਼ਹਿਰਾਂ ’ਚ ਡਾਊਨ ਹੈ।

ਏਅਰਟੈੱਲ ਨੇ ਟਵੀਟ ਕਰਕੇ ਕਿਹਾ ਹੈ ਕਿ ਉਸਨੂੰ ਆਊਟੇਜ ਦੀ ਜਾਣਕਾਰੀ ਮਿਲੀ ਹੈ। ਕੰਪਨੀ ਨੇ ਕਿਹਾ, ‘ਸਾਡੀਆਂ ਇੰਟਰਨੈੱਟ ਸੇਵਾਵਾਂ ’ਚ ਕੁਝ ਦੇਰ ਲਈ ਸਮੱਸਿਆ ਆਈ ਹੈ ਅਤੇ ਇਸ ਨਾਲ ਤੁਹਾਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ। ਹੁਣ ਸਭ ਕੁਝ ਠੀਕ ਹੋ ਗਿਆ ਹੈ ਕਿਉਂਕਿ ਸਾਡੀਆਂ ਟੀਮਾਂ ਸਾਡੇ ਗਾਹਕਾਂ ਨੂੰ ਇਕ ਸ਼ਾਨਦਾਰ ਅਨੁਭਵ ਦੇਣ ਲਈ ਲਗਾਤਾਰ ਕੰਮ ਕਰਦੀਆਂ ਹਨ।’