ਅਜੇ ਦੇਵਗਨ ਦੀ ਵੱਧੀਆ ਮੁਸ਼ਿਕਲਾਂ , ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਅਜੇ ਦੇਵਗਨ ਦੇ ‘ਹਿੰਦੀ ਸਾਡੀ ਰਾਸ਼ਟਰ ਭਾਸ਼ਾ ਸੀ ਤੇ ਰਹੇਗੀ’ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸਿਧਾਰਮਿਆ ਨੇ ਕਿਹਾ ਕਿ ਨਾ ਤਾਂ ਹਿੰਦੀ ਉਨ੍ਹਾਂ ਦੀ ਕਦੇ ਰਾਸ਼ਟਰ ਭਾਸ਼ਾ ਸੀ ਤੇ ਨਾ ਹੀ ਕਦੇ ਰਹੇਗੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨਾ ਹਰ ਭਾਰਤੀ ਦਾ ਫਰਜ਼ ਹੈ। ਸਿਧਾਰਮਿਆ ਨੇ ਕਿਹਾ ਕਿ ਉਨ੍ਹਾਂ ਨੂੰ ਕੰਨੜ ਹੋਣ ’ਤੇ ਮਾਣ ਹੈ।

ਸਿਧਾਰਮਿਆ ਨੇ ਅਜੇ ਦੇਵਗਨ ਨੂੰ ਜਵਾਬ ਦਿੰਦਿਆਂ ਟਵੀਟ ਕੀਤਾ, ‘ਹਿੰਦੀ ਸਾਡੀ ਰਾਸ਼ਟਰ ਭਾਸ਼ਾ ਕਦੇ ਨਹੀਂ ਸੀ ਤੇ ਨਾ ਹੀ ਕਦੇ ਹੋਵੇਗੀ। ਸਾਡੇ ਦੇਸ਼ ਦੀ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨਾ ਹਰੇਕ ਭਾਰਤੀ ਦਾ ਫਰਜ਼ ਹੈ। ਹਰੇਕ ਭਾਸ਼ਾ ਦਾ ਆਪਣਾ ਖ਼ੁਸ਼ਹਾਲ ਇਤਿਹਾਸ ਹੁੰਦਾ ਹੈ, ਜਿਸ ’ਤੇ ਲੋਕਾਂ ਨੂੰ ਮਾਣ ਹੁੰਦਾ ਹੈ।

ਹਿੰਦੀ ਭਾਸ਼ਾ ਨੂੰ ਲੈ ਕੇ ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਸੁਦੀਪ ਨੇ ‘ਕੇ. ਜੀ. ਐੱਫ. 2’ ਨੂੰ ਅਖਿਲ ਭਾਰਤੀ ਫ਼ਿਲਮ ਆਖੇ ਜਾਣ ’ਤੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ। ਸੁਦੀਪ ਨੇ ਕਿਹਾ ਸੀ ਕਿ ਪੈਨ ਇੰਡੀਆ ਫ਼ਿਲਮਾਂ ਕੰਨੜ ’ਚ ਬਣ ਰਹੀਆਂ ਹਨ, ਮੈਂ ਇਸ ਨੂੰ ਥੋੜ੍ਹਾ ਸਹੀ ਕਰਨਾ ਚਾਹੁੰਦਾ ਹਾਂ।

ਹਿੰਦੀ ਹੁਣ ਰਾਸ਼ਟਰ ਭਾਸ਼ਾ ਨਹੀਂ ਰਹਿ ਗਈ ਹੈ। ਅੱਜ ਬਾਲੀਵੁੱਡ ’ਚ ਪੈਨ ਇੰਡੀਆ ਫ਼ਿਲਮਾਂ ਕੀਤੀਆਂ ਜਾ ਰਹੀਆਂ ਹਨ। ਉਹ ਤੇਲਗੂ ਤੇ ਤਾਮਿਲ ਫ਼ਿਲਮਾਂ ਦਾ ਰੀਮੇਕ ਬਣਾ ਰਹੇ ਹਨ ਪਰ ਇਸ ਤੋਂ ਬਾਅਦ ਵੀ ਸਟ੍ਰੱਗਲ ਕਰ ਰਹੇ ਹਨ। ਅੱਜ ਅਸੀਂ ਉਹ ਫ਼ਿਲਮਾਂ ਬਣਾ ਰਹੇ ਹਾਂ, ਜੋ ਦੁਨੀਆ ਭਰ ’ਚ ਦੇਖੀਆਂ ਜਾ ਰਹੀਆਂ ਹਨ। ਸੁਦੀਪ ਕਿੱਚਾ ਦੇ ਇਸ ਬਿਆਨ ਨਾਲ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਨਾਰਾਜ਼ਗੀ ਜਤਾਈ।

ਕੰਨੜ ਅਦਾਕਾਰ ਨੂੰ ਜਵਾਬ ਦਿੰਦਿਆਂ ਅਜੇ ਦੇਵਗਨ ਨੇ ਕਿਹਾ, ‘ਕਿੱਚਾ ਸੁਦੀਪ, ਮੇਰੇ ਭਰਾ, ਤੁਹਾਡੇ ਮੁਤਾਬਕ ਜੇਕਰ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਨਹੀਂ ਹੈ ਤਾਂ ਤੁਸੀਂ ਆਪਣੀ ਮਾਂ ਬੋਲੀ ਦੀਆਂ ਫ਼ਿਲਮਾਂ ਨੂੰ ਹਿੰਦੀ ’ਚ ਡੱਬ ਕਰਕੇ ਕਿਉਂ ਰਿਲੀਜ਼ ਕਰਦੇ ਹੋ? ਹਿੰਦੀ ਸਾਡੀ ਮਾਂ ਬੋਲੀ ਤੇ ਰਾਸ਼ਟਰ ਭਾਸ਼ਾ ਸੀ, ਹੈ ਤੇ ਹਮੇਸ਼ਾ ਰਹੇਗੀ। ਜਨ ਗਨ ਮਨ।’