ਅਲਕਾਇਦਾ ਨੇ ਤਾਲਿਬਾਨ ਨੂੰ ਦਿਤੀ ਸ਼ੁਬਕਾਮਨਾਵਾ

by vikramsehajpal

ਕਾਬੁਲ (ਦੇਵ ਇੰਦਰਜੀਤ) : ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ’ਤੇ ਅਲਕਾਇਦਾ ਨੇ ਵਧਾਈ ਦਿੱਤੀ ਹੈ। ਵਧਾਈ ਸੰਦੇਸ਼ ਵਿਚ ਇਸਲਾਮ ਦੇ ਦੁਸ਼ਮਣਾਂ ਦੇ ਚੁੰਗਲ ਵਿਚੋਂ ਕਸ਼ਮੀਰ ਅਤੇ ਹੋਰਨਾਂ ਇਸਲਾਮੀ ਜ਼ਮੀਨਾਂ ਦੀ ਮੁਕਤੀ ਦਾ ਸੱਦਾ ਦਿੱਤਾ ਗਿਆ ਹੈ। ਉਸ ਦੇ ਉਕਤ ਵਧਾਈ ਸੰਦੇਸ਼ ਨੇ ਭਾਰਤ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਅਮਰੀਕੀ ਫ਼ੌਜਾਂ ਵੱਲੋਂ ਅਫ਼ਗਾਨਿਸਤਾਨ ਨੂੰ ਛੱਡਣ ਪਿੱੱਛੋਂ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਸ ਨੇ ਅਫ਼ਗਾਨਿਤਸਾਨ ਵਿਚ ਪੂਰਨ ਆਜ਼ਾਦੀ ਹਾਸਲ ਕਰ ਲਈ ਹੈ।

ਇਸ ਤੋਂ ਕੁੱਝ ਹੀ ਘੰਟਿਆਂ ਬਾਅਦ ਅਲਕਾਇਦਾ ਨੇ ਤਾਲਿਬਾਨ ਨੂੰ ਵਧਾਈ ਵਾਲਾ ਸੰਦੇਸ਼ ਭੇਜਿਆ। ਅਲਕਾਇਦਾ ਨੇ ਤਾਲਿਬਾਨ ਨੂੰ ਭੇਜੇ ਵਧਾਈ ਸੰਦੇਸ਼ ਦਾ ਸਿਰਲੇਖ ਦਿੱਤਾ ਹੈ, ‘ਇਸਲਾਮਿਕ ਉਮਾਹ ਨੂੰ ਅਫ਼ਗਾਨਿਸਤਾਨ ’ਚ ਅੱਲ੍ਹਾ ਵੱਲੋਂ ਦਿੱਤੀ ਗਈ ਆਜ਼ਾਦੀ ਮੁਬਾਰਕ।’ ਇਸ ਸੰਦੇਸ਼ ਵਿਚ ਲਿਖਿਆ ਹੈ, ‘ਓ ਅੱਲ੍ਹਾ ਲੇਵੰਤ, ਸੋਮਾਲੀਆ, ਯਮਨ, ਕਸ਼ਮੀਰ ਅਤੇ ਦੁਨੀਆ ਦੀਆਂ ਹੋਰਨਾ ਇਸਲਾਮੀ ਜ਼ਮੀਨਾਂ ਨੂੰ ‘ਇਸਲਾਮ ਦੇ ਦੁਸ਼ਮਨਾਂ’ ਕੋਲੋਂ ਆਜ਼ਾਦ ਕਰਵਾਏ। ਓ ਅੱਲ੍ਹਾ, ਸਮੁੱਚੀ ਦੁਨੀਆ ਵਿਚ ਮੁਸਲਿਮ ਕੈਦੀਆਂ ਨੂੰ ਆਜ਼ਾਦੀ ਦਿਵਾਓ।’

ਅਲਕਾਇਦਾ ਨੇ ਆਪਣੇ ਸੰਦੇਸ਼ ਵਿਚ ਅੱਗੇ ਲਿਖਿਆ ਹੈ ਕਿ ਅਸੀਂ ਸਰਬਸ਼ਕਤੀਮਾਨ ਅਤੇ ਹਰ ਥਾਂ ਮੌਜੂਦ ਅੱਲ੍ਹਾ ਦੀ ਤਾਰੀਫ਼ ਕਰਦੇ ਹਾਂ ਕਿ ਉਸ ਨੇ ਬੇਭਰੋਸਗੀ ਦੇ ਮੁਖੀ ਅਮਰੀਕਾ ਨੂੰ ਅਪਮਾਨਿਤ ਕੀਤਾ ਹੈ ਅਤੇ ਉਸ ਨੂੰ ਹਰਾਇਆ ਹੈ। ਅਸੀਂ ਉਸ ਦੀ ਤਾਰੀਫ਼ ਕਰਦੇ ਹਾਂ ਕਿ ਉਸ ਨੇ ਅਮਰੀਕਾ ਨੂੰ ਤੋੜ ਦਿੱਤਾ ਅਤੇ ਇਸਲਾਮ ਦੀ ਧਰਤੀ ਅਫ਼ਗਾਨਿਸਤਾਨ ਵਿਖੇ ਉਸ ਨੂੰ ਹਰਾ ਦਿੱਤਾ। ਯਕੀਨੀ ਹੀ ਅਫ਼ਗਾਨਿਸਤਾਨ ਸਾਮਰਾਜਾਂ ਦੀ ਕਬਰਗਾਹ ਹੈ।

ਅਲਕਾਇਦਾ ਨੇ ਅਮਰੀਕਾ ਨੂੰ ਸ਼ੈਤਾਨ ਦਾ ਸਾਮਰਾਜ ਦੱਸਿਆ ਹੈ। ਨਾਲ ਹੀ ਉਸ ਨੇ ਤਾਲਿਬਾਨ ਦੀ ਇਸ ਜਿੱਤ ਨੂੰ ਦੁਨੀਆ ਵਿਚ ਦੱਬੇ ਕੁਚਲੇ ਲੋਕਾਂ ਲਈ ਪ੍ਰੇਰਨਾ ਦੱਸਿਆ ਹੈ। ਉਸ ਨੇ ਕਿਹਾ ਹੈ ਕਿ ਉਕਤ ਸਾਰੀਆਂ ਘਟਨਾਵਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਸਿਰਫ਼ ਜੇਹਾਦ ਨਾਲ ਹੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ।

ਸੰਦੇਸ਼ ਵਿਚ ਅੱਗੇ ਚੱਲ ਕੇ ਕਿਹਾ ਗਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਵਿੱਖ ਦੇ ਸੰਘਰਸ਼ ਲਈ ਨਵਾਂ ਰਾਹ ਤਿਆਰ ਕੀਤਾ ਜਾਵੇ। ਅੱਲ੍ਹਾ ਦੀ ਮਦਦ ਨਾਲ ਹਾਸਲ ਹੋਈ ਇਹ ਇਤਿਹਾਸਕ ਜਿੱਤ ਮੁਸਲਮਾਨਾਂ ਨੂੰ ਪੱਛਮੀ ਦੇਸ਼ਾਂ ਵੱਲੋਂ ਮੁਸਲਿਮ ਦੇਸ਼ਾਂ ’ਤੇ ਥੋਪੀ ਗਈ ਗੁਲਾਮੀ ਤੋਂ ਬਚਣ ਦਾ ਰਾਹ ਦਿਖਾਵੇਗੀ।

ਭਾਰਤ ਲਈ ਅਲਕਾਇਦਾ ਦਾ ਇਹ ਸੰਦੇਸ਼ ਇਸ ਲਈ ਵੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਉਭਾਰ ਪਿੱਛੋਂ ਕਸ਼ਮੀਰ ਵਿਚ ਅੱਤਵਾਦੀ ਸਰਗਰਮੀਆਂ ਵਿਚ ਵਾਧਾ ਹੋ ਗਿਆ ਹੈ। ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਕਸ਼ਮੀਰ ਵਿਚ ਅਚਾਨਕ ਕਈ ਅੱਤਵਾਦੀਆਂ ਨੇ ਘੁਸਪੈਠ ਕੀਤੀ ਹੈ। ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿਚ ਅੱਤਵਾਦੀ ਤਾਲਿਬਾਨ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ।