ਵੈਨਕੂਵਰ ਅਤੇ ਵਿਨੀਪੈੱਗ ’ਚ ਭਾਰਤੀ ਸਟੋਰਾਂ ’ਚੋਂ ਕੱਢਿਆ ਅੰਬਾਨੀ, ਅਡਾਨੀ ਤੇ ਪਤੰਜਲੀ ਦਾ ਸਾਮਾਨ

by vikramsehajpal

ਵੈਨਕੂਵਰ (ਦੇਵ ਇੰਦਰਜੀਤ)- ਕੈਨੇਡਾ ’ਚ ਭਾਰਤੀ ਕਰਿਆਨਾ ਸਟੋਰ ਮਾਲਕ ਵੀ ਕਿਸਾਨ ਸੰਘਰਸ਼ ’ਚ ਸ਼ਾਮਲ ਹੋ ਗਏ ਹਨ ਤੇ ਉਹ ਅੰਬਾਨੀ, ਅਡਾਨੀ ਤੇ ਰਾਮਦੇਵ ਦਾ ਪਤਾਂਜਲੀ ਮਾਰਕਾ ਸਾਮਾਨ ਸਟੋਰਾਂ ਵਿਚੋਂ ਕੱਢਣ ਲੱਗ ਪਏ ਹਨ। ਭਾਰਤੀ ਲੋਕਾਂ ਦੀ ਵਸੋਂ ਵਾਲੇ ਕਈ ਸ਼ਹਿਰਾਂ ਵਿਚ ਫਰੂਟੀਕਾਨਾ ਨਾਂ ਹੇਠ ਰਸੋਈ ਦਾ ਸਾਮਾਨ ਤੇ ਹੋਰ ਭਾਰਤੀ ਸਾਮਾਨ ਦੇ ਸਟੋਰਾਂ ਦੇ ਚੇਨ ਚਲਾ ਰਹੇ ਟੋਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ ਦਾ ਤਾਂ ਸਮੁੱਚਾ ਢਾਂਚਾ ਹੀ ਕਿਸਾਨੀ ’ਤੇ ਖੜ੍ਹਾ ਹੈ, ਇਸ ਲਈ ਉਹ ਭਾਰਤੀ ਕਿਸਾਨਾਂ ਤੋਂ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦੇ।

ਕਰਿਆਨਾ ਸਟੋਰਾਂ ਦੇ ਬਾਹਰ ਚਲਦੀਆਂ ਸਲਾਈਡਾਂ ’ਤੇ ਵੀ ਕਿਸਾਨੀ ਹਮਾਇਤ ਵਾਲੇ ਨਾਅਰੇ ਚਲਦੇ ਵੇਖੇ ਗਏ। ਕੈਨੇਡਾ ਦੇ ਖੇਤੀ ਫਾਰਮਾਂ ਦੇ ਗੇਟਾਂ ’ਤੇ ਵੀ ਭਾਰਤੀ ਕਿਸਾਨਾਂ ਦੀ ਹਮਾਇਤ ਵਿੱਚ ਲਿਖੇ ਬੋਰਡ ਆਮ ਹੀ ਦਿਖਾਈ ਦੇ ਰਹੇ ਹਨ। ਇਸੇ ਕੜੀ ਤਹਿਤ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਸ਼ਹਿਰ ਵਿਨੀਪੈੱਗ ਵਿਚ ਗਿੱਲ ਸੁਪਰ ਮਾਰਕੀਟ ਦੇ ਮਾਲਕ ਨੇ ਦੱਸਿਆ ਕਿ ਉਹ ਅੰਬਾਨੀ ਜਾਂ ਅਡਾਨੀ ਦਾ ਕੋਈ ਸਮਾਨ ਨਹੀਂ ਵੇਚਣਗੇ ਅਤੇ ਉਨ੍ਹਾਂ ਨੇ ਰਾਮਦੇਵ ਦੀ ਪਤੰਜਲੀ ਦਾ ਸਮਾਨ ਸਟੋਰਾਂ ’ਚੋਂ ਚੁੱਕ ਦਿੱਤਾ ਹੈ।

ਉਨ੍ਹਾਂ ਨੇ ਪਤੰਜਲੀ ਦੇ ਸਮਾਨ ਦੀ ਵਿਕਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਨੇ ਇਕ ਵਾਰ ਵੀ ਕਿਸਾਨ ਸੰਘਰਸ਼ ਪ੍ਰਤੀ ਕੋਈ ਬਿਆਨ ਨਹੀਂ ਦਿੱਤਾ, ਜਿਸ ਤੋਂ ਉਨ੍ਹਾਂ ਦੀ ਬਦਨੀਤੀ ਦਾ ਪਤਾ ਚੱਲਦਾ ਹੈ। ਦੂਜੇ ਪਾਸੇ ਭਾਰਤ ਦੀ ਕਿਸਾਨ ਵਿਰੋਧੀ ਸਰਕਾਰ ਨੂੰ ਕਿਸਾਨਾਂ ਦਾ ਦੁੱਖ-ਦਰਦ ਸਮਝ ਨਹੀਂ ਆ ਰਿਹਾ ਅਤੇ ਖੇਤੀ ਬਿੱਲਾਂ ਸਬੰਧੀ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ।