Google, Facebook ਤੇ Amazon ਦੀਆ ਅਮਰੀਕਾ ‘ਚ ਮੁਸ਼ਕਲਾਂ ਵਧੀਆਂ, ਸੰਸਦ ਕਰੇਗੀ ਜਾਂਚ

by

ਵਾਸ਼ਿੰਗਟਨ ਡੈਸਕ (Vikram Sehajpal) : ਫੇਕ ਨਿਊਜ਼ ਪ੍ਰਸਾਰਤ ਕਰਨ ਤੇ ਨਿੱਜਤਾ ਉਲੰਘਣ ਦੇ ਦੋਸ਼ਾਂ 'ਚ ਘਿਰੀਆਂ ਫੇਸਬੁੱਕ ਤੇ ਗੂਗਲ ਜਿਹੀਆਂ ਵੱਡੀਆਂ ਟੈੱਕ ਕੰਪਨੀਆਂ ਦੀਆਂ ਸਮੱਸਿਆਵਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਛੋਟੀਆਂ ਕੰਪਨੀਆਂ ਲਈ ਮੁਕਾਬਲੇ ਦਾ ਮਾਹੌਲ ਖ਼ਤਮ ਕਰਨ ਦੇ ਮਾਮਲੇ 'ਚ ਫੇਸਬੁੱਕ ਤੇ ਗੂਗਲ ਨਾਲ ਈ-ਕਾਮਰਸ ਕੰਪਨੀ ਐਮਾਜ਼ੋਨ ਖ਼ਿਲਾਫ਼ ਅਮਰੀਕੀ ਸੰਸਦ ਯਾਨੀ ਕਾਂਗਰਸ ਜਾਂਚ ਕਰੇਗੀ। 

ਇਕ ਰਿਪੋਰਟ ਮੁਤਾਬਕ ਸੰਸਦ ਦੇ ਹੇਠਲੇ ਸਦਨ ਦੀ ਸਮਾਲ ਬਿਜ਼ਨਸ ਕਮੇਟੀ ਦੀ ਮੁਖੀ ਨਾਡੀਆ ਵੇਲਾਜਕਵੇਜ ਕੰਪਨੀਆਂ ਨੂੰ ਅਕਤੂਬਰ ਦੇ ਅਖ਼ੀਰ ਜਾਂ ਨਵੰਬਰ ਦੀ ਸ਼ੁਰੂਆਤ ਤਕ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਹਿ ਸਕਦੀ ਹੈ। ਵੇਲਾਜਕਵੇਜ ਦੀ ਤਰਜਮਾਨ ਨੇ ਕਿਹਾ, 'ਚੇਅਰਪਰਸਨ ਮੰਨਦੀ ਹੈ ਕਿ ਛੋਟੀਆਂ ਕੰਪਨੀਆਂ ਨੂੰ ਵੀ ਬਰਾਬਰੀ 'ਚ ਮੁਕਾਬਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ। 

ਇਸ ਮਾਮਲੇ ਦੀ ਸੁਣਵਾਈ ਇਕ ਮੌਕਾ ਹੈ, ਜਿਸ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਇੰਟਰਨੈੱਟ ਤੋਂ ਈ-ਕਾਮਰਸ ਖੇਤਰ ਤਕ ਦੀਆਂ ਵੱਡੀਆਂ ਟੈੱਕ ਕੰਪਨੀਆਂ ਛੋਟੀਆਂ ਕੰਪਨੀਆਂ ਤੋਂ ਮੁਕਾਬਲੇ ਦਾ ਮੌਕਾ ਖੋਹ ਰਹੀਆਂ ਹਨ।'