ਪੰਜਾਬ ਦੀ ਬਹੁਚਰਚਿਤ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜੇਲ੍ਹ ‘ਚ ਬੰਦ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਵੱਡੀ ਜਿੱਤ

by vikramsehajpal

ਚੰਡੀਗ੍ਹੜ (ਰਾਘਵ): ਲੋਕ ਸਭਾ ਚੋਣਾਂ 2024 ਦੇ ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਕੌਮੀ ਚੋਣ ਕਮਿਸ਼ਨ ਵੱਲੋਂ ਵੈੱਬਸਾਈਟ ’ਤੇ ਜਾਰੀ ਨਤੀਜਿਆਂ ਮੁਤਾਬਕ ਕਾਂਗਰਸ ਪਾਰਟੀ ਨੇ 7, ਆਮ ਆਦਮੀ ਪਾਰਟੀ (AAP) ਨੇ 3, ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਜਿੱਤੀਆਂ ਹਨ।

ਦੱਸ ਦੇਈਏ ਕਿ ਪੰਜਾਬ ਦੀ ਬਹੁਚਰਚਿਤ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ 1,97,120 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰ ਨੂੰ 4,04,430 ਵੋਟਾਂ ਪਈਆਂ ਜਦਕਿ ਦੂਜੇ ਨੰਬਰ ’ਤੇ ਰਹੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 2,07,310 ਵੋਟਾਂ ਮਿਲੀਆਂ ਹਨ।

ਜੇਤੂ ਉਮੀਦਵਾਰ ਅੰਮ੍ਰਿਤਪਾਲ ਇਸ ਵੇਲੇ ਕੌਮੀ ਸੁਰੱਖਿਆ ਐਕਟ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਖਡੂਰ ਸਾਹਿਬ ਤੋਂ ‘AAP’ ਉਮੀਦਵਾਰ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ 1,94,836 ਵੋਟਾਂ ਨਾਲ ਤੀਸਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ 86,416 ਵੋਟਾਂ ਹਾਸਲ ਕਰ ਕੇ ਚੌਥੇ ਸਥਾਨ ’ਤੇ ਰਹੇ ਹਨ।