ਅੰਮ੍ਰਿਤਸਰ ‘ਚ ਦੇਹ ਵਪਾਰ ਦਾ ਅੱਡਾ ਬੇਨਕਾਬ

by vikramsehajpal

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼ ਕਰਦੇ ਹੋਏ ਸ਼ਹਿਰ ਦੀ ਫ਼ਤਿਹ ਸਿੰਘ ਕਾਲੋਨੀ ਵਿਚੋਂ 7 ਕੁੜੀਆਂ ਤੇ 5 ਮੁੰਡਿਆਂ ਨੂੰ ਮੌਕੇ ਤੋਂ ਇਤਰਾਜ਼ਯੋਗ ਹਾਲਤਾਂ ਵਿੱਚ ਕਾਬੂ ਕੀਤਾ ਹੈ। ਪੁਲਿਸ ਨੇ ਦੇਹ ਵਪਾਰ ਦੇ ਸੰਚਾਲਕ ਪਤੀ-ਪਤਨੀ ਦੋਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਪਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਿਸ ਨੂੰ ਕਾਫੀ ਸਮੇਂ ਤੋਂ ਫ਼ਤਿਹ ਸਿੰਘ ਕਾਲੋਨੀ ਦੇ ਇੱਕ ਘਰ ਵਿੱਚ ਬਾਹਰੋਂ ਕੁੜੀਆਂ ਲਿਆ ਕੇ ਦੇਹ ਵਪਾਰ ਚਲਾਉਣ ਬਾਰੇ ਕਾਫੀ ਦੇਰ ਤੋਂ ਸੂਚਨਾ ਮਿਲ ਰਹੀ ਸੀ।

ਉਨ੍ਹਾਂ ਕਿਹਾ ਕਿ ਇਸ ਉਪਰ ਪੁਲਿਸ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਬੁੱਧਵਾਰ ਨੂੰ ਦੁਬਾਰਾ ਇਹ ਜਾਣਕਾਰੀ ਮਿਲੀ, ਜਿਸ 'ਤੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਪਾਰਟੀ ਸਮੇਤ ਕਾਲੋਨੀ ਦੀ ਗਲੀ ਨੰਬਰ 5 ਵਿੱਚ ਛਾਪਾ ਮਾਰਿਆ ਅਤੇ ਮੌਕੇ ਤੋਂ ਰੰਗਰਲੀਆਂ ਮਨਾਉਂਦੇ ਹੋਏ 7 ਕੁੜੀਆਂ ਤੇ 5 ਮੁੰਡਿਆਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਦੇਹ ਵਪਾਰ ਦਾ ਧੰਦਾ ਘਰ ਦੇ ਮਾਲਕ ਪਤੀ-ਪਤਨੀ ਚਲਾ ਰਹੇ ਸਨ।

ਉਨ੍ਹਾਂ ਕਿਹਾ ਕਿ ਅੱਡੇ ਦੇ ਸੰਚਾਲਕ ਸ਼ਹਿਰ ਵਿੱਚ ਅਮੀਰ ਲੋਕਾਂ ਨੂੰ ਵੀ ਕੁੜੀਆਂ ਸਪਲਾਈ ਕਰਦੇ ਸਨ, ਜਿਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਗ੍ਰਾਹਕ ਤੋਂ ਲਏ ਅੱਧੇ ਪੈਸੇ ਖ਼ੁਦ ਰੱਖਦੇ ਸਨ ਅਤੇ ਅੱਧੇ ਪੈਸੇ ਕੁੜੀ ਨੂੰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਫੜੀਆਂ ਗਈਆਂ ਕੁੜੀਆਂ ਵਿੱਚੋਂ ਇੱਕ ਨਾਬਾਲਿਗ਼ ਹੈ, ਜਿਸ ਸਬੰਧੀ ਵੱਖਰੀ ਕਾਰਵਾਈ ਕੀਤੀ ਕੀਤੀ ਜਾ ਰਹੀ ਹੈ।