ਘਰੇਲੂ ਕਲੇਸ਼ ਖ਼ਤਮ ਲਈ ਮਾਸੂਮ ਬੱਚੀ ਦੀ ਦਿੱਤੀ ਬਲੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੰਧਵਿਸ਼ਵਾਸ ਦੇ ਚਲਦੇ ਬੱਚੀ ਦੀ ਬਲੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਮਾਪਿਆਂ ਵਲੋਂ ਘਰੇਲੂ ਕਲੇਸ਼ ਨੂੰ ਖ਼ਤਮ ਕਰਨ ਲਈ ਆਪਣੀ 5 ਸਾਲਾ ਮਾਸੂਮ ਬੱਚੀ ਨੂੰ ਨਹਿਰ 'ਚ ਧੱਕਾ ਦੇ ਉਸ ਦੀ ਬਲੀ ਦੇ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਕਿਹਾ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਗੁਰਜੀਤ ਕੌਰ ਦੇ ਰੂਪ 'ਚ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਇੱਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਸ਼ਿਕਾਇਤਕਰਤਾ ਗੁਰਚਰਨ ਸਿੰਘ ਜੋ ਕਿ ਦੋਸ਼ੀ ਦਾ ਵੱਡਾ ਭਰਾ ਹੈ, ਉਸ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕੀਤਾ ਗਿਆ ਹੈ। ਗੁਰਚਰਨ ਸਿੰਘ ਨੇ ਕਿਹਾ ਕਿ ਉਸ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਦਾ 9 ਸਾਲ ਪਹਿਲਾਂ ਵਿਆਹ ਹੋਇਆ ਸੀ । ਉਨ੍ਹਾਂ ਦੇ 8 ਸਾਲ ਦਾ ਮੁੰਡਾ ਤੇ 5 ਸਾਲ ਕੁੜੀ ਹੈ। ਇਹ ਪਰਿਵਾਰ ਵੱਖ ਰਹਿੰਦਾ ਹੈ ਤੇ ਇਨ੍ਹਾਂ ਦੀ ਘਰ 'ਚ ਹਮੇਸ਼ਾ ਕਲੇਸ਼ ਰਹਿੰਦਾ ਸੀ। ਜਿਸ ਦੇ ਚਲਦੇ ਦੋਵੇ ਸਾਧਾਂ ਦੇ ਡੇਰੇ ਕਲੇਸ਼ ਮਿਟਾਉਣ ਲਈ ਜਾਂਦੇ ਰਹਿੰਦੇ ਸਨ। ਸਾਧ ਨੇ ਇਨ੍ਹਾਂ ਨੂੰ ਕਿਹਾ ਸੀ ਕਿ ਤੁਹਾਡੀ ਕੁੜੀ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਹੈ। ਬੀਤੀ ਦਿਨੀਂ ਦੋਵੇ ਹੀ ਬੱਚਿਆਂ ਨੂੰ ਲੈ ਕੇ ਨਹਿਰ ਦੇ ਕੋਲ ਚੱਲੇ ਗਏ, ਜਿੱਥੇ ਜਾ ਕੇ ਉਨ੍ਹਾਂ ਨੇ ਬੱਚੀ ਨੂੰ ਨਹਿਰ 'ਚ ਧੱਕਾ ਦੇ ਕੇ ਉਸ ਦੀ ਬਲੀ ਦੇ ਦਿੱਤੀ । ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।