ਕੈਨੇਡਾ ਦੀ ਰਾਜਨੀਤੀ ‘ਚ ਦਿਲਚਸਪ ਮੋੜ- ਕਾਰਨੀ ਸਰਕਾਰ ਨੂੰ ਮਿਲੀ ਵੱਡੀ ਰਾਹਤ, ਬਜਟ ਮਨਜ਼ੂਰ

by nripost

ਵੈਨਕੂਵਰ (ਪਾਇਲ): ਕੈਨੇਡਾ ਦੀ ਲਿਬਰਲ ਪਾਰਟੀ ਦੀ ਸਾਢੇ ਛੇ ਮਹੀਨੇ ਪੁਰਾਣੀ ਘੱਟ ਗਿਣਤੀ ਮਾਰਕ ਕਾਰਨੀ ਸਰਕਾਰ ਅੱਜ ਬਜਟ ਵੋਟਿੰਗ ਮੌਕੇ ਡਿਗਣ ਤੋਂ ਬਚ ਗਈ। 343 ਮੈਂਬਰੀ ਹਾਊਸ ਆਫ ਕਾਮਨ (ਸੰਸਦ) ਵਿੱਚ ਬਜਟ ਪਾਸ ਕਰਨ ਲਈ 172 ਮੈਂਬਰਾਂ ਦੀ ਲੋੜ ਸੀ, ਪਰ ਲਿਬਰਲ ਪਾਰਟੀ ਦੇ 169 ਮੈਂਬਰ ਹੋਣ ਕਰਕੇ ਤਿੰਨ ਵਿਅਕਤੀਆਂ ਦੀ ਹਮਾਇਤ ਘਟ ਰਹੀ ਸੀ। ਪ੍ਰਧਾਨ ਮੰਤਰੀ ਵਲੋਂ ਗਰੀਨ ਪਾਰਟੀ ਦੀ ਇਕਲੌਤੀ ਮੈਂਬਰ ਅਲਿਜਾਬੈਥ ਮੇਅ ਦੀ ਵਾਤਾਵਰਣ ਸਬੰਧੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਉਪਰੰਤ ਉਹ ਸਰਕਾਰ ਦੇ ਹੱਕ ਵਿੱਚ ਖੜ ਗਈ।

ਮੁੱਖ ਵਿਰੋਧੀ ਕਨਜ਼ਰਵੇਟਿਵ ਪਾਰਟੀ ਅਤੇ ਐੱਨਡੀਪੀ ਦੇ ਦੋ-ਦੋ ਮੈਂਬਰ ਹਾਊਸ ਚੋਂ ਗੈਰ ਹਾਜ਼ਰ ਰਹੇ। ਚਾਲੂ ਸਾਲ (2025) ਦਾ ਬਜਟ ਜੋ ਆਮ ਤੌਰ ’ਤੇ ਬਸੰਤ ਰੁੱਤ ਸੈਸ਼ਨ (ਫਰਵਰੀ) ਮੌਕੇ ਪਾਸ ਕੀਤਾ ਜਾਂਦਾ ਹੈ, ਨੂੰ ਲਟਕਾਇਆ ਜਾ ਰਿਹਾ ਸੀ। ਇੰਝ ਕੈਨੇਡਾ ਦਾ ਇੱਕ ਸਾਲ ਵਿੱਚ ਦੂਜੀ ਵਾਰ ਫੈਡਰਲ ਚੋਣ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਇਹ ਮੁੱਦਾ ਕਈ ਦਿਨਾਂ ਤੋਂ ਚਰਚਾ ਵਿੱਚ ਸੀ। ਕੁਝ ਦਿਨ ਪਹਿਲਾਂ ਵਿਰੋਧੀ ਪਾਰਟੀ ਦੇ ਇੱਕ ਮੈਂਬਰ ਵਲੋਂ ਟੋਰੀ’ਜ਼ ਦਾ ਸਾਥ ਛੱਡ ਕੇ ਲਿਬਰਲਾਂ ਦਾ ਪੱਲਾ ਫੜਨ ਕਰਕੇ ਸਰਕਾਰ ਨੂੰ 169 ਮੈਂਬਰਾਂ ਦਾ ਸਮਰਥਨ ਹਾਸਲ ਹੋ ਗਿਆ ਸੀ, ਪਰ ਬਹੁਮਤ ਲਈ ਤਿੰਨ ਹੋਰ ਵੋਟਾਂ ਦੀ ਲੋੜ ਸੀ।

ਅੱਜ ਗਰੀਨ ਪਾਰਟੀ ਦੀ ਹਮਾਇਤ ਅਤੇ ਵਿਰੋਧੀ ਪਾਰਟੀ ਦੇ ਚਾਰ ਮੈਂਬਰਾਂ ਦੀ ਗੈਰ ਹਾਜ਼ਰੀ ਕਾਰਨ 168 ਦੇ ਮੁਕਾਬਲੇ 170 ਦੇ ਬਹੁਮਤ ਨਾਲ ਬਜਟ ਪਾਸ ਹੋ ਗਿਆ। ਜੇ ਬਜਟ ਪਾਸ ਨਾ ਹੁੰਦਾ ਤਾਂ ਘੱਟ ਗਿਣਤੀ ਸਰਕਾਰ ਦੇ ਮੁਖੀ ਮਾਰਕ ਕਾਰਨੀ ਨੂੰ ਤੁਰੰਤ ਅਸਤੀਫਾ ਦੇਣਾ ਪੈਣਾ ਸੀ ਅਤੇ ਸਰਕਾਰ ਟੁੱਟਣ ਕਾਰਨ ਗਵਰਨਰ ਜਨਰਲ ਨੂੰ ਨਵੀਂ ਚੋਣ ਦਾ ਐਲਾਨ ਕਰਨਾ ਪੈਣਾ ਸੀ। ਦੱਸ ਦਇਏ ਕਿ ਬਜਟ ਵਿੱਚ ਸਰਕਾਰੀ ਖਰਚੇ ਘਟਾਉਣ ਅਤੇ ਜਰੂਰੀ ਸੇਵਾਵਾਂ ਵਧਾਉਣ ਦੀਆਂ ਵਿਉਂਤਾ ’ਤੇ ਜ਼ੋਰ ਦਿੱਤਾ ਗਿਆ ਹੈ।

More News

NRI Post
..
NRI Post
..
NRI Post
..