ਸ਼ਰਾਬ ਦੇ ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਨੇ ਐਕਟਿਵਾ ਸਵਾਰ ਦਰੜਿਆ

by jaskamal

ਨਿਊਜ਼ ਡੈਸਕ : ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਇਕ ਵਾਰ ਫਿਰ ਤੋਂ ਸਵਾਲ ਉਠੇ ਹਨ। ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁਲਿਸ ਮੁਲਾਜ਼ਮ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਗੱਡੀ ਹੇਠਾਂ ਇੱਕ ਐਕਟਿਵਾ ਸਵਾਰ ਨੂੰ ਦਰੜ ਦਿੱਤਾ ਤੇ ਉਸ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਤੇ ਬਹੁਤ ਦੇਰ ਤੱਕ ਉਹ ਮੌਕੇ ‘ਤੇ ਤੜਫਦਾ ਰਿਹਾ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਜਦੋਂ ਪੁਲਿਸ ਮੁਲਾਜ਼ਮ ਨੂੰ ਰੋਕਣਾ ਚਾਹਿਆ ਤਾਂ ਉਹ ਉਨ੍ਹਾਂ ਦੇ ਗਲ਼ ਪੈ ਗਿਆ ਤੇ ਉਨ੍ਹਾਂ ਨਾਲ ਝਗੜਾ ਕਰਨ ਲੱਗਾ। ਪੁਲਿਸ ਮੁਲਾਜ਼ਮ ਧੱਕੇਸ਼ਾਹੀ ਕਰਦਾ ਨਜ਼ਰ ਆਇਆ।

ਇਸ ਤੋਂ ਬਾਅਦ ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਜ਼ਖਮੀ ਵਿਅਕਤੀ ਨੂੰ ਪ੍ਰਾਈਵੇਟ ਹਸਪਤਾਲ ਵਿਚ ਪਹੁੰਚਾਇਆ ਗਿਆ।  ਪੁਲਿਸ ਮੁਲਾਜ਼ਮ ‘ਤੇ ਨੌਜਵਾਨ ਨੂੰ ਦਰੜਨ ਦੇ ਦੋਸ਼ ਲੱਗੇ ਹਨ, ਉਸ ਦੀ ਗੱਡੀ ਵਿਚ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੀੜਤ ਨੌਜਵਾਨ 20 ਮਿੰਟ ਤੱਕ ਤੜਫਦਾ ਰਿਹਾ। ਹੋਰਨਾਂ ਪੁਲਿਸ ਮੁਲਾਜ਼ਮਾਂ ਨੇ ਆਪਣੇ ਨਿੱਜੀ ਵਾਹਨ ਵਿਚ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਥਾਣਾ ਧਰਮਕੋਟ ਵਿਚ ਤਾਇਨਾਤ ਹੈ। ਸੀਨੀਅਰ ਅਧਿਕਾਰੀਆਂ ਵੱਲੋਂ ਉਸ ਵਿਰੁੱਧ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।