ਹਿਊਸਟਨ (ਪਾਇਲ): ਸਟਾਰਬਕਸ (Starbucks) ਨੇ ਭਾਰਤੀ ਮੂਲ ਦੇ ਤਕਨਾਲੋਜੀ ਕਾਰਜਕਾਰੀ ਆਨੰਦ ਵਰਦਰਾਜਨ ਨੂੰ ਆਪਣਾ ਨਵਾਂ ਕਾਰਜਕਾਰੀ ਉਪ-ਪ੍ਰਧਾਨ ਅਤੇ ਮੁੱਖ ਤਕਨਾਲੋਜੀ ਅਧਿਕਾਰੀ (CTO) ਨਿਯੁਕਤ ਕੀਤਾ ਹੈ। ਉਹ ਐਮਾਜ਼ੋਨ (Amazon) ਵਿੱਚ ਲਗਪਗ ਦੋ ਦਹਾਕਿਆਂ ਦਾ ਤਜ਼ਰਬਾ ਰੱਖਦੇ ਹਨ ਅਤੇ ਹੁਣ ਸਟਾਰਬਕਸ ਦੇ ਵਿਸ਼ਵਵਿਆਪੀ ਤਕਨਾਲੋਜੀ ਕੰਮਕਾਜ ਦੀ ਅਗਵਾਈ ਕਰਨਗੇ।
ਜਾਣਕਾਰੀ ਅਨੁਸਾਰ, ਵਰਦਰਾਜਨ 19 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ। ਉਹ ਕੰਪਨੀ ਦੀ ਕਾਰਜਕਾਰੀ ਲੀਡਰਸ਼ਿਪ ਟੀਮ ਵਿੱਚ ਸ਼ਾਮਲ ਹੋਣਗੇ ਅਤੇ ਸਿੱਧੇ ਤੌਰ 'ਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਬ੍ਰਾਇਨ ਨਿਕੋਲ ਨੂੰ ਰਿਪੋਰਟ ਕਰਨਗੇ। ਉਹ ਡੈਬ ਹਾਲ ਲੈਫੇਵਰੇ ਦੀ ਜਗ੍ਹਾ ਲੈਣਗੇ, ਜੋ ਸਤੰਬਰ ਵਿੱਚ ਸੇਵਾਮੁਕਤ ਹੋਏ ਸਨ।
ਦੱਸ ਦਇਏ ਕਿ ਵਰਦਰਾਜਨ ਨੇ ਐਮਾਜ਼ੋਨ ਵਿੱਚ ਲਗਭਗ 19 ਸਾਲ ਬਿਤਾਏ, ਜਿੱਥੇ ਉਨ੍ਹਾਂ ਨੇ ਗਾਹਕਾਂ 'ਤੇ ਕੇਂਦਰਿਤ ਵੱਡੇ ਪੱਧਰ ਦੇ ਤਕਨਾਲੋਜੀ ਪਲੇਟਫਾਰਮ ਤਿਆਰ ਕੀਤੇ। ਹਾਲ ਹੀ ਵਿੱਚ ਉਹ ਕੰਪਨੀ ਦੇ 'ਵਰਲਡਵਾਈਡ ਗ੍ਰੋਸਰੀ ਸਟੋਰਸ' ਕਾਰੋਬਾਰ ਲਈ ਤਕਨਾਲੋਜੀ ਅਤੇ ਸਪਲਾਈ ਚੇਨ ਦੀ ਦੇਖਭਾਲ ਕਰ ਰਹੇ ਸਨ।
ਆਨੰਦ ਵਰਦਰਾਜਨ ਭਾਰਤੀ ਤਕਨਾਲੋਜੀ ਸੰਸਥਾ (IIT) ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਪਰਡਿਊ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਮਾਸਟਰਜ਼ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਹੈ।

