ਨਵੀਂ ਦਿੱਲੀ (ਪਾਇਲ): ਤੁਹਾਨੂੰ ਦੱਸ ਦਇਏ ਕਿ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਦੇ ਕਾਸ਼ੀਬੁੱਗਾ ਮੰਦਰ ਵਿੱਚ ਭਗਦੜ ਮਚਣ ਕਾਰਨ ਦਸ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਏਕਾਦਸ਼ੀ ਵਾਲੇ ਦਿਨ ਕਾਸ਼ੀਬੁੱਗਾ ਦੇ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋਈ ਸੀ। ਜਿਸ ਦੌਰਾਨ ਭਗਦੜ ਮਚ ਗਈ। ਜਿਸ ਕਰਕੇ ਇਸ ਘਟਨਾ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਦੁਖਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਸ਼ਰਧਾਲੂਆਂ ਦੀ ਮੌਤ ਨੂੰ "ਦਿਲ ਦਹਿਲਾ ਦੇਣ ਵਾਲਾ" ਦੱਸਿਆ।
ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਕਿਹਾ, "ਸ਼੍ਰੀਕਾਕੁਲਮ ਜ਼ਿਲ੍ਹੇ ਦੇ ਕਾਸ਼ੀਬੁੱਗਾ ਵੈਂਕਟੇਸ਼ਵਰ ਮੰਦਰ ਵਿੱਚ ਹੋਈ ਭਗਦੜ ਤੋਂ ਮੈਂ ਬਹੁਤ ਦੁਖੀ ਹਾਂ। ਇਹ ਬਹੁਤ ਦੁਖਦਾਈ ਹੈ ਕਿ ਇਸ ਮੰਦਭਾਗੀ ਘਟਨਾ ਵਿੱਚ ਸ਼ਰਧਾਲੂਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਮੈਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।"
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਅਧਿਕਾਰੀਆਂ ਅਤੇ ਸਥਾਨਕ ਆਗੂਆਂ ਨੂੰ ਭਗਦੜ ਵਾਲੀ ਥਾਂ 'ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਾਸ਼ੀਬੁੱਗਾ ਸਬ-ਡਿਵੀਜ਼ਨਲ ਇੰਚਾਰਜ ਡੀਐਸਪੀ ਲਕਸ਼ਮਣ ਰਾਓ ਨੇ ਪੀਟੀਆਈ ਨੂੰ ਦੱਸਿਆ ਕਿ ਵੈਂਕਟੇਸ਼ਵਰ ਮੰਦਰ ਵਿੱਚ ਸਵੇਰੇ 11:30 ਵਜੇ ਦੇ ਕਰੀਬ ਭਗਦੜ ਮਚੀ। ਭਗਦੜ ਵਿੱਚ ਘੱਟੋ-ਘੱਟ 10 ਲੋਕਾਂ ਦੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਜਿਸ ਸੰਬੰਧ 'ਚ ਨਾਰਾ ਲੋਕੇਸ਼ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ "ਬਹੁਤ ਸਦਮੇ ਵਿੱਚ ਹਨ।" ਉਨ੍ਹਾਂ ਕਿਹਾ, "ਇਸ ਏਕਾਦਸ਼ੀ ਵਾਲੇ ਦਿਨ, ਅਸੀਂ ਸਾਰੇ ਬਹੁਤ ਦੁਖੀ ਹਾਂ। ਮੈਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਸਰਕਾਰ ਭਗਦੜ ਵਿੱਚ ਜ਼ਖਮੀਆਂ ਨੂੰ ਸਭ ਤੋਂ ਵਧੀਆ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਹੀ ਹੈ।" ਲੋਕੇਸ਼ ਨੇ ਕਿਹਾ ਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਸਥਾਨਕ ਵਿਧਾਇਕ ਨਾਲ ਗੱਲ ਕੀਤੀ ਹੈ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।



