ਫਰਾਂਸ ਵਿਚ ਅਨਿਲ ਅੰਬਾਨੀ ਨੂੰ 1100 ਕਰੋੜ ਰੁਪਏ ਟੈਕਸ ਮੁਆਫ਼

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਰਾਫ਼ੇਲ ਲੜਾਕੂ ਜਹਾਜ਼ਾਂ ਨਾਲ ਸਬੰਧਤ ਵਿਵਾਦ ਵਿਚ ਸ਼ਾਮਲ ਉਦਯੋਗਪਤੀ ਅਨਿਲ ਅੰਬਾਨੀ ਬਾਰੇ ਇਕ ਹੋਰ ਸਨਸਨੀਖੇਜ਼ ਤੱਥ ਸਾਹਮਣੇ ਆਇਆ ਹੈ। ਅਨਿਲ ਅੰਬਾਨੀ ਦੀ ਰਿਲਾਇੰਸ ਕਮਿਊਨਿਕੇਸ਼ਨਸ ਦੀ ਫਰਾਂਸ ਵਿਚ ਭਾਈਵਾਲ ਕੰਪਨੀ ਰਿਲਾਇੰਸ ਫਲੈਗ ਅਟਲਾਂਟਿਕ ਦਾ 2015 ਵਿਚ 1100 ਕਰੋੜ ਰੁਪਏ ਦਾ ਟੈਕਸ ਮੁਆਫ਼ ਕੀਤਾ ਗਿਆ ਸੀ। ਫਰਾਂਸਿਸੀ ਅਖ਼ਬਾਰ 'ਲੀ ਮੌਂਡ' ਦੀ ਰਿਪੋਰਟ ਮੁਤਾਬਕ ਅਨਿਲ ਅੰਬਾਨੀ ਦੀ ਕੰਪਨੀ ਨੂੰ ਇਹ ਰਾਹਤ, ਭਾਰਤ ਵੱਲੋਂ 36 ਰਾਫ਼ੇਲ ਲੜਾਕੂ ਜਹਾਜ਼ ਖ਼ਰੀਦਣ ਬਾਰੇ ਐਲਾਨ ਤੋਂ ਕੁਝ ਮਹੀਨੇ ਮਗਰੋਂ ਮਿਲੀ। 

ਉਧਰ ਰਿਲਾਇੰਸ ਕਮਿਊਨਿਕੇਸ਼ਨਜ਼ ਨੇ ਟੈਕਸੀ ਮੁਆਫ਼ੀ ਵਿਚ ਕੁਝ ਵੀ ਗ਼ਲਤ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਟੈਕਸ ਵਿਵਾਦ ਕਾਨੂੰਨੀ ਢਾਂਚੇ ਤਹਿਤ ਹੱਲ ਕੀਤਾ ਗਿਆ ਸੀ ਅਤੇ ਕਾਨੂੰਨੀ ਅਧੀਨ ਟੈਕਸ ਮੁਆਫ਼ ਦਾ ਫ਼ਾਇਦਾ ਫ਼ਰਾਂਸ ਵਿਚ ਕੰਮ ਕਰ ਰਹੀਆਂ ਸਾਰੀਆਂ ਕੰਪਨੀਆਂ ਨੂੰ ਮਿਲਦਾ ਹੈ। ਅਖ਼ਬਾਰ ਨੇ ਕਿਹਾ ਕਿ ਫਰਾਂਸ ਦੇ ਟੈਕਸ ਅਧਿਕਾਰੀਆਂ ਨੇ ਰਿਲਾਇੰਸ ਫਲੈਗ ਐਟਲਾਂਟਿਕ ਤੋਂ 15.1 ਕਰੋੜ ਯੂਰੋ ਦੀ ਬਜਾਏ ਸਿਰਫ਼ 73 ਲੱਖ ਯੂਰੋ ਸਵੀਕਾਰ ਕੀਤੇ ਸਨ। ਰਿਲਾਇੰਸ ਫਲੈਗ, ਫਰਾਂਸ ਵਿਚ ਕੇਬਲ ਨੈਟਵਰਕ ਅਤੇ ਹੋਰ ਟੈਲੀਕਾਮ ਇਨਫ਼ਰਾਸਟ੍ਰਕਚਰ ਦਾ ਕੰਮ ਦੇਖਦੀ ਹੈ।