7 ਦਸੰਬਰ ਤੋਂ ਸੂਬੇ ਭਰ ‘ਚ ਸਰਕਾਰੀ ਬੱਸਾਂ ਬੰਦ ਕਰਨ ਦਾ ਐਲਾਨ, ਜਾਣੋ ਕਾਰਨ

by jaskamal

ਨਿਊਜ਼ ਡੈਸਕ, ਜਲੰਧਰ : ਸਰਕਾਰੀ ਦਫ਼ਤਰਾਂ ਤੋਂ ਬਾਅਦ ਹੁਣ ਸਰਕਾਰੀ ਟਰਾਂਸਪੋਰਟ ਸੇਵਾਵਾਂ ਵੀ ਆਮ ਲੋਕਾਂ ਲਈ ਮੁਸੀਬਤ ਬਣ ਸਕਦੀਆਂ ਹਨ। 7 ਦਸੰਬਰ ਤੋਂ ਸੂਬੇ ਭਰ 'ਚ ਸਰਕਾਰੀ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉਕਤ ਐਲਾਨ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸਰਕਾਰ ਤੋਂ ਨਾਰਾਜ਼ ਹੋ ਕੇ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਯੂਨੀਅਨ ਨਾਲ ਮੀਟਿੰਗ ਦੌਰਾਨ ਭਰੋਸਾ ਦਿੱਤਾ ਗਿਆ ਕਿ ਕੈਬਨਿਟ ਮੀਟਿੰਗ ਦੌਰਾਨ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਜਾਵੇਗਾ।

ਇਸ ਸਬੰਧੀ ਬੁੱਧਵਾਰ ਨੂੰ ਮੀਟਿੰਗ ਹੋਈ ਪਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਕੈਬਨਿਟ ਮੀਟਿੰਗ 'ਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਤੋਂ ਨਾਰਾਜ਼ ਯੂਨੀਅਨ ਨੇ ਅਗਲੇ ਸੋਮਵਾਰ ਤੋਂ ਸੂਬੇ ਭਰ 'ਚ ਸਰਕਾਰੀ ਬੱਸਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਰੋਡਵੇਜ਼ ਜਲੰਧਰ-1 ਯੂਨੀਅਨ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਹਾਨਗਰ ਦਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਵੀ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਦੋ ਘੰਟੇ ਲਈ ਬੰਦ ਰਹੇਗਾ।

ਇਸ ਸਮੇਂ ਪਨਬੱਸ ਤੇ ਪੀਆਰਟੀਸੀ 'ਚ ਸੱਤ ਹਜ਼ਾਰ ਤੋਂ ਵੱਧ ਠੇਕਾ ਮੁਲਾਜ਼ਮ ਹਨ, ਜੋ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਟਰਾਂਸਪੋਰਟ ਮੰਤਰੀ ਵੱਲੋਂ ਪਨਬੱਸ ਤੇ ਪੀਆਰਟੀਸੀ 'ਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਗਿਆ।